ਟ੍ਰਿਬਿਊਨ ਨਿਊਜ਼ ਸਰਵਿਸ
ਵਿਜੈਵਾੜਾ, 18 ਅਕਤੂਬਰ
ਭਾਰਤੀ ਕਮਿਊਨਿਸਟ ਪਾਰਟੀ (ਸੀਪੀਆਈ) ਦੀ ਆਂਧਰਾ ਪ੍ਰਦੇਸ਼ ਦੇ ਇਤਿਹਾਸਕ ਨਗਰ ਵਿਜੈਵਾੜਾ ਵਿੱਚ 24ਵੀਂ ਪਾਰਟੀ ਕਾਂਗਰਸ ਖੱਬੇਪੱਖੀ ਸਿਆਸੀ ਧਿਰਾਂ ਦੀ ਏਕਤਾ ਦਾ ਸੱਦਾ ਦਿੰਦਿਆਂ ਸਮਾਪਤ ਹੋ ਗਈ। ਕਾਂਗਰਸ ਦੇ ਆਖ਼ਰੀ ਦਿਨ ਕਾਮਰੇਡ ਡੀ. ਰਾਜਾ ਨੂੰ ਪਾਰਟੀ ਦਾ ਮੁੜ ਜਨਰਲ ਸਕੱਤਰ ਚੁਣਿਆ ਗਿਆ। ਪਾਰਟੀ ਕਾਂਗਰਸ 14 ਅਕਤੂਬਰ ਨੂੰ ਆਰੰਭ ਹੋਈ ਸੀ, ਜਿਸ ਵਿੱਚ ਪੰਜਾਬ ਸਣੇ ਵੱਖ-ਵੱਖ ਸੂਬਿਆਂ ਤੋਂ 750 ਡੈਲੀਗੇਟਾਂ ਨੇ ਭਾਗ ਲਿਆ। ਸੀਪੀਆਈ ਦੀ ਪੰਜਾਬ ਇਕਾਈ ਦੇ 31 ਡੈਲੀਗੇਟਾਂ ਨੇ ਕਾਮਰੇਡ ਬੰਤ ਸਿੰਘ ਬਰਾੜ ਦੀ ਅਗਵਾਈ ਹੇਠ ਪਾਰਟੀ ਕਾਂਗਰਸ ਵਿੱਚ ਸ਼ਮੂਲੀਅਤ ਕੀਤੀ। ਇਸ ਵਿੱਚ ਸਾਬਕਾ ਵਿਧਾਇਕ ਕਾਮਰੇਡ ਹਰਦੇਵ ਅਰਸ਼ੀ, ਕਾਮਰੇਡ ਨਿਰਮਲ ਸਿੰਘ ਧਾਲੀਵਾਲ, ਕਾਮਰੇਡ ਜਗਰੂਪ, ਕਾਮਰੇਡ ਗੁਲਜ਼ਾਰ ਗੋਰੀਆ ਅਤੇ ਅਮਰਜੀਤ ਸਿੰਘ ਆਸ਼ਟ ਸ਼ਾਮਲ ਸਨ।
ਸ਼ਹਿਰ ਦੇ ਸ.ਸ. ਕਨਵੈਨਸ਼ਨ ਹਾਲ ਕੰਪਲੈਕਸ ਨੂੰ ਕਾਮਰੇਡ ਗੁਰੂਦਾਸ ਦਾਸ ਗੁਪਤਾ ਨਗਰ ਵਜੋਂ ਸਜਾਇਆ ਗਿਆ। ਸੈਮੀਨਾਰ ਹਾਲ ਕਾ. ਸ਼ਮੀਮ ਫ਼ੈਜ਼ੀ ਨੂੰ ਸਮਰਪਿਤ ਕੀਤਾ ਗਿਆ। ਸੀਪੀਆਈ ਨੇ ਵਰ੍ਹਦੇ ਮੀਂਹ ਵਿੱਚ ਸ਼ਹਿਰ ਵਿੱਚ ਅੱਠ ਕਿਲੋਮੀਟਰ ਤੱਕ ਜਨਤਕ ਰੈਲੀ ਵੀ ਕੱਢੀ, ਜਿਸ ਵਿੱਚ 50 ਹਜ਼ਾਰ ਮਜ਼ਦੂਰਾਂ, ਕਿਸਾਨਾਂ, ਮੁਲਾਜ਼ਮਾਂ ਅਤੇ ਪਾਰਟੀ ਮੈਂਬਰਾਂ ਨੇ ਭਾਗ ਲਿਆ। ਰੈਲੀ ਨੂੰ ਕਾਮਰੇਡ ਡੀ. ਰਾਜਾ, ਅਮਰਜੀਤ ਕੌਰ, ਕਾਮਰੇਡ ਸੁਧਾਕਰ ਰੈਡੀ ਆਦਿ ਨੇ ਸੰਬੋਧਨ ਕੀਤਾ।
ਅਗਲੇ ਦਿਨ ਸ਼ਮੀਮ ਫੈਜ਼ੀ ਹਾਲ ਵਿੱਚ 16 ਮੁਲਕਾਂ ਦੀਆਂ ਕਮਿਊਨਿਸਟ ਪਾਰਟੀਆਂ ਦੇ ਪ੍ਰਤੀਨਿਧਾਂ ਅਤੇ ਭਰਾਤਰੀ ਖੱਬੇਪੱਖੀ ਪਾਰਟੀਆਂ ਦੇ ਨੁਮਾਇੰਦਿਆਂ ਦੀ ਮੌਜੂਦਗੀ ਵਿੱਚ ਸੀਪੀਆਈ (ਆਂਧਰਾ) ਦੇ ਸੂਬਾ ਸਕੱਤਰ ਕੇ. ਨਰਾਇਣ ਦੇ ਭਾਸ਼ਨ ਨਾਲ ਪਾਰਟੀ ਕਾਂਗਰਸ ਸ਼ੁਰੂ ਹੋਈ। ਕਾਮਰੇਡ ਡੀ. ਰਾਜਾ ਨੇ ਉਦਘਾਟਨੀ ਭਾਸ਼ਨ ਵਿੱਚ ਆਲਮੀ ਤੇ ਕੌਮੀ ਸਥਿਤੀਆਂ ਬਾਰੇ ਆਪਣਾ ਨਜ਼ਰੀਆ ਪੇਸ਼ ਕਰਦਿਆਂ ਖੱਬੇਪੱਖੀ ਸਿਆਸੀ ਪਾਰਟੀਆਂ ਦੀ ਏਕਤਾ ਨੂੰ ਸਮੇਂ ਦੀ ਇਤਿਹਾਸਕ ਲੋੜ ਕਰਾਰ ਦਿੱਤਾ। ਸੀਪੀਐੱਮ ਦੇ ਜਨਰਲ ਸਕੱਤਰ ਕਾਮਰੇਡ ਸੀਤਾਰਾਮ ਯੇਚੁਰੀ, ਸੀਪੀਆਈ (ਐੱਮਐੱਲ) ਦੇ ਸਕੱਤਰ ਦੀਪਾਂਕਰ ਭੱਟਾਚਾਰੀਆ ਅਤੇ ਫਾਰਵਰਡ ਬਲਾਕ ਦੇ ਆਗੂ ਕਾਮਰੇਡ ਜੀ. ਦੇਵਰਾਜਨ ਨੇ ਵਧਾਈ ਸੁਨੇਹਿਆਂ ਰਾਹੀਂ ਖੱਬੇਪੱਖੀ ਧਿਰਾਂ ਦੀ ਏਕਤਾ ਦਾ ਪੁਰਜ਼ੋਰ ਸਮਰਥਨ ਕੀਤਾ। ਵੀਅਤਨਾਮ, ਕੋਰੀਆ, ਚੀਨ, ਰੂਸੀ ਫੈਡਰੇਸ਼ਨ, ਕਿਊਬਾ, ਫਰਾਂਸ, ਇੰਗਲੈਂਡ, ਅਮਰੀਕਾ, ਫਲਸਤੀਨ, ਬੰਗਲਾਦੇਸ਼ ਆਦਿ 16 ਦੇਸ਼ਾਂ ਦੀਆਂ ਕਮਿਊਨਿਸਟ ਪਾਰਟੀਆਂ ਨੇ ਵੀ ਵਧਾਈ ਸੁਨੇਹੇ ਭੇਜੇ ਅਤੇ ਭਾਰਤੀ ਕਮਿਊਨਿਸਟ ਲਹਿਰ ਨਾਲ ਇਕਜੁੱਟਤਾ ਪ੍ਰਗਟਾਈ। ‘ਇਪਟਾ’ ਦੇ ਕਲਾਕਾਰਾਂ ਨੇ ਨਾਟਕ ਤੇ ਗੀਤ-ਸੰਗੀਤ, ਜਦੋਂਕਿ ਪ੍ਰਗਤੀਸ਼ੀਲ ਲੇਖਕ ਸੰਘ ਦੇ ਲੇਖਕਾਂ ਨੇ ਰਚਨਾਵਾਂ ਪੇਸ਼ ਕੀਤੀਆਂ। ਸੀਪੀਆਈ ਦੀ ਕੇਂਦਰੀ ਲੀਡਰਸ਼ਿਪ ਨੇ ਵੱਖ-ਵੱਖ ਮਤੇ ਪੇਸ਼ ਕੀਤੇ, ਜਿਨ੍ਹਾਂ ਨੂੰ ਹਾਜ਼ਰ ਡੈਲੀਗੇਟਾਂ ਵੱਲੋਂ ਤਿੱਖੀ ਵਿਚਾਰ-ਚਰਚਾ ਮਗਰੋਂ ਸੋਧਾਂ ਸ਼ਾਮਲ ਕਰਵਾ ਕੇ ਪ੍ਰਵਾਨ ਕੀਤਾ ਗਿਆ। ਪਾਰਟੀ ਕਾਂਗਰਸ ਦੌਰਾਨ ਕੌਮੀ ਤੇ ਕੌਮਾਂਤਰੀ ਸਥਿਤੀ ਦੇ ਵਿਸ਼ਲੇਸ਼ਣ ਅਤੇ ਦਰਪੇਸ਼ ਚੁਣੌਤੀਆਂ ਬਾਰੇ ਭਵਿੱਖੀ ਰਣਨੀਤੀ, ਪਾਰਟੀ ਦੇ ਜਥੇਬੰਦਕ ਢਾਂਚੇ ਦੀਆਂ ਖ਼ਾਮੀਆਂ ਅਤੇ ਸੁਧਾਰਾਂ ਸਬੰਧੀ ਸੁਝਾਵਾਂ ਬਾਰੇ ਤਿੱਖੀ ਤੇ ਭਰਵੀਂ ਚਰਚਾ ਹੋਈ। ਸੀਪੀਆਈ ਦੀ 24ਵੀਂ ਪਾਰਟੀ ਕਾਂਗਰਸ ਵਿੱਚ ਨੌਜਵਾਨ, ਔਰਤਾਂ ਤੇ ਆਦਿਵਾਸੀ ਦੇ ਕਾਰਕੁਨਾਂ ਦੀ ਭਰਵੀਂ ਹਾਜ਼ਰੀ ਅਤੇ ਉਨ੍ਹਾਂ ਦਾ ਬੇਬਾਕ ਸੰਵਾਦ ਪਾਰਟੀ ਲਈ ਨਵੀਂ ਉਮੀਦ ਜਗਾਉਣ ਵਾਲਾ ਹੈ।