ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 2 ਮਈ
ਦੇਸ਼ ਵਿੱਚ ਲਗਾਤਾਰ ਵਧਦੇ ਜਾ ਰਹੇ ਸਾਈਬਰ ਅਪਰਾਧ ਦੀਆਂ ਘਟਨਾਵਾਂ ’ਤੇ ਨੱਥ ਪਾਉਣ ਲਈ ਚੰਡੀਗੜ੍ਹ ਵਿੱਚ ਦੇਸ਼ ਦੇ ਸੱਤ ਸੂਬਿਆਂ ਦੇ ਅਧਿਕਾਰੀਆਂ ਨੇ ਸਾਂਝੀ ਮੀਟਿੰਗ ਕੀਤੀ ਹੈ। ਇਨ੍ਹਾਂ ਨੇ ਸਾਈਬਰ ਅਪਰਾਧ ’ਤੇ ਨੱਥ ਪਾਉਣ ਲਈ ਸਾਂਝੀ ਰਣਨੀਤੀ ਤਿਆਰ ਕੀਤੀ ਅਤੇ ਆਪਣੀ ਸਹਿਯੋਗ ਦਾ ਸੱਦਾ ਦਿੱਤਾ ਹੈ। ਇਸ ਮੀਟਿੰਗ ਵਿੱਚ ਮੁੱਖ ਮਹਿਮਾਨ ਵਜੋਂ ਪੰਜਾਬ ਦੇ ਰਾਜਪਾਲ ਅਤੇ ਯੂਟੀ ਦੇ ਪ੍ਰਸ਼ਾਸਕ ਬਨਵਾਰੀ ਲਾਲ ਪੁਰੋਹਿਤ ਸ਼ਾਮਲ ਹੋਏ। ਇਸ ਤੋਂ ਇਲਾਵਾ ਸੱਤ ਸੂਬਿਆਂ ਦੇ ਪੁਲੀਸ ਅਤੇ ਪ੍ਰਸ਼ਾਸਨਿਕ ਅਧਿਕਾਰੀ ਦੇ ਨਾਲ ਸਾਈਬਰ ਮਾਹਿਰ ਵੀ ਹਾਜ਼ਰ ਸਨ।
ਚੰਡੀਗੜ੍ਹ ਦੇ ਡੀਜੀਪੀ ਪਰਵੀਰ ਰੰਜਨ ਨੇ ਕਿਹਾ ਕਿ ਸਾਈਬਰ ਅਪਰਾਧ ਦੀ ਕੋਈ ਸੀਮਾ ਨਹੀਂ ਹੁੰਦੀ ਹੈ, ਸਮੇਂ ਦੇ ਨਾਲ-ਨਾਲ ਸਾਈਬਰ ਅਪਰਾਧੀ ਵੀ ਆਧੁਨਿਕ ਤਕਨੀਕ ਦੀ ਵਰਤੋਂ ਕਰਨ ਲੱਗੇ ਹਨ। ਇਸ ਨੂੰ ਆਪਸੀ ਤਾਲਮੇਲ ਨਾਲ ਹੀ ਰੋਕਿਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਸਾਈਬਰ ਅਪਰਾਧ ’ਤੇ ਨੱਥ ਪਾਉਣ ਲਈ ਸਾਈਬਰ ਅਪਰਾਧੀਆਂ ਦੇ ਢੰਗ ਅਤੇ ਤਰੀਕਿਆਂ ’ਤੇ ਵਿਚਾਰਨਾ ਜ਼ਰੂਰੀ ਹੈ। ਯੂਟੀ ਪ੍ਰਸ਼ਾਸਕ ਦੇ ਸਲਾਹਕਾਰ ਸ੍ਰੀ ਧਰਮਪਾਲ ਨੇ ਕਿਹਾ ਕਿ ਸਾਈਬਰ ਅਪਰਾਧੀਆਂ ’ਤੇ ਨੱਥ ਪਾਉਣ ਲਈ ਵੱਖਰੀ ਸਾਈਬਰ ਟੀਮ ਦਾ ਹੋਣਾ ਬਹੁਤ ਜ਼ਰੂਰੀ ਹੈ, ਜੋ ਕਿ ਸਮੇਂ ਦੇ ਨਾਲ-ਨਾਲ ਅਪਡੇਟ ਹੁੰਦੀ ਰਹੇ। ਦੱਸਣਯੋਗ ਹੈ ਕਿ ਕੇਂਦਰ ਸਰਕਾਰ ਨੇ ਸਾਈਬਰ ਅਪਰਾਧੀਆਂ ਦੀਆਂ ਘਟਨਾਵਾਂ ’ਤੇ ਨੱਥ ਪਾਉਣ ਲਈ ਵੱਖ-ਵੱਖ ਸੂਬਿਆਂ ਦੀਆਂ ਸਾਂਝੀਆਂ ਟੀਮਾਂ ਦਾ ਗਠਨ ਕੀਤਾ ਹੈ। ਉਸੇ ਤਰਜ਼ ’ਤੇ ਅੱਜ ਉੱਤਰੀ ਭਾਰਤ ਦੇ ਸੂਬਿਆਂ ਦੀ ਮੀਟਿੰਗ ਹੋਈ ਹੈ। ਇਹ ਮੀਟਿੰਗਾਂ ਭਵਿੱਖ ਵਿੱਚ ਵੀ ਜਾਰੀ ਰਹਿਣਗੀਆਂ।