ਲਖਵਿੰਦਰ ਸਿੰਘ
ਮਲੋਟ, 3 ਸਤੰਬਰ
ਡਿਪਟੀ ਸਪੀਕਰ ਤੇ ਮਲੋਟ ਦੇ ਵਿਧਾਇਕ ਅਜਾਇਬ ਸਿੰਘ ਭੱਟੀ ਬਾਰੇ ਪਿਛਲੇ ਦਿਨੀਂ ਵਾਇਰਲ ਹੋਈ ਚਿੱਠੀ ਦੀ ਸਾਈਬਰ ਸੈੱਲ ਨੇ ਪੜਤਾਲ ਸ਼ੁਰੂ ਕਰ ਦਿੱਤੀ ਹੈ। ਇਸ ਸਬੰਧੀ ਸਾਈਬਰ ਸੈੱਲ ਨੇ ਪਿੰਡ ਸੰਮੇਵਾਲੀ ਦੇ ਵਸਨੀਕ ਬਿਕਰਮਜੀਤ ਸਿੰਘ ਖਾਲਸਾ ਨੂੰ ਥਾਣੇ ਬੁਲਾ ਕੇ ਪੁੱਛ ਪੜਤਾਲ ਕੀਤੀ ਹੈ। ਬਿਕਰਮਜੀਤ ਸਿੰਘ ਖਾਲਸਾ ਨੇ ਦੱਸਿਆ ਕਿ ਉਸ ਨੂੰ ਇਹ ਚਿੱਠੀ ਸੋਸ਼ਲ ਮੀਡੀਆ ਤੋਂ ਪ੍ਰਾਪਤ ਹੋਈ ਸੀ, ਜੋ ਉਸ ਨੇ ਕਾਂਗਰਸ ਦੇ ਪੰਜਾਬ ਪ੍ਰਧਾਨ ਨਵਜੋਤ ਸਿੰਘ ਸਿੱਧੂ ਤੇ ਕਾਰਜਕਾਰੀ ਪ੍ਰਧਾਨ ਪਵਨ ਗੋਇਲ ਨੂੰ ਭੇਜੀ ਸੀ। ਦਰਅਸਲ, ਪਿਛਲੇ ਦਿਨੀਂ ਅਜਾਇਬ ਸਿੰਘ ਭੱਟੀ ਦੀ ਕਾਰਗੁਜ਼ਾਰੀ ’ਤੇ ਸੁਆਲ ਉਠਾਉਂਦੀ ਇੱਕ ਚਿੱਠੀ ਵਾਇਰਲ ਹੋਈ ਸੀ, ਜਿਸ ਵਿੱਚ ਅਜਾਇਬ ਸਿੰਘ ਭੱਟੀ ’ਤੇ ਵਾਅਦਿਆਂ ਤੋਂ ਮੁਨਕਰ ਹੋਣ ਦੇ ਦੋਸ਼ਾਂ ਸਮੇਤ ਨਿੱਜੀ ਟਿੱਪਣੀਆਂ ਕਰਨ ਦੇ ਨਾਲ ਟਿਕਟ ਨਾ ਦੇਣ ਦੀ ਗੱਲ ਵੀ ਕਹੀ ਗਈ ਸੀ। ਇਸ ਤੋਂ ਇਲਾਵਾ ਚਿੱਠੀ ਵਿੱਚ ਬਲਾਕ ਪ੍ਰਧਾਨ ਨੱਥੂ ਰਾਮ ਗਾਂਧੀ ਸਮੇਤ 30 ਕਾਂਗਰਸੀਆਂ ਦੇ ਨਾਮ ਅਤੇ ਮੋਬਾਈਲ ਨੰਬਰ ਦਰਜ ਕੀਤੇ ਗਏ ਸਨ ਤਾਂ ਜੋ ਲੋਕ ਇਨ੍ਹਾਂ ਤੋਂ ਆਗੂ ’ਤੇ ਲੱਗੇ ਦੋਸ਼ਾਂ ਬਾਰੇ ਪੁਸ਼ਟੀ ਕਰ ਸਕਣ। ਇਸ ਮਗਰੋਂ ਡਿਪਟੀ ਸਪੀਕਰ ਨੇ ਚਿੱਠੀ ਵਿਚਲੇ ਨਾਵਾਂ ਵਾਲੇ 30 ਕਾਂਗਰਸੀ ਆਗੂਆਂ ਦੀ ਇੱਕ ਮੀਟਿੰਗ ਸੱਦੀ ਸੀ ਪਰ ਮੀਟਿੰਗ ਵਿੱਚ ਬਲਾਕ ਪ੍ਰਧਾਨ ਸਮੇਤ ਸਿਰਫ਼ 11 ਕਾਂਗਰਸੀ ਆਗੂ ਹੀ ਪਹੁੰਚੇ ਸਨ, ਜਿਨ੍ਹਾਂ ਚਿੱਠੀ ਦੀ ਪੜਤਾਲ ਕਰਵਾਉਣ ਸਬੰਧੀ ਸਹਿਮਤੀ ਦਿੱਤੀ ਸੀ। ਡਿਪਟੀ ਸਪੀਕਰ ਦੇ ਪੁੱਤਰ ਅਮਨਪ੍ਰੀਤ ਸਿੰਘ ਨੇ ਕਿਹਾ ਕਿ ਸ਼ਰਾਰਤੀ ਅਨਸਰਾਂ ਵੱਲੋਂ ਵਿਧਾਇਕ ਦਾ ਅਕਸ ਖ਼ਰਾਬ ਕਰਨ ਲਈ ਚਾਲਾਂ ਚੱਲੀਆਂ ਜਾ ਰਹੀਆਂ ਹਨ।