ਪੱਤਰ ਪ੍ਰੇਰਕ
ਟਾਂਡਾ, 10 ਸਤੰਬਰ
ਪਿੰਡ ਚੌਟਾਲਾ ਵਿੱਚ ਅਣਪਛਾਤੇ ਵਿਅਕਤੀਆਂ ਨੇ ਗੈਸ ਕਟਰ ਨਾਲ ਪੰਜਾਬ ਨੈਸ਼ਨਲ ਬੈਂਕ ਦਾ ਏਟੀਐੱਮ ਕੱਟ ਕੇ ਲਗਪਗ 8.77 ਲੱਖ ਰੁਪਏ ਦੀ ਨਕਦੀ ਲੁੱਟ ਲਈ ਹੈ। ਇਹ ਘਟਨਾ ਰਾਤ ਕਰੀਬ ਦੋ ਵਜੇ ਦੀ ਦੱਸੀ ਜਾ ਰਹੀ ਹੈ| ਬੈਂਕ ਦੇ ਸੁਰੱਖਿਆ ਮੁਲਾਜ਼ਮ ਸੁਰਿੰਦਰ ਸਿੰਘ ਕੋਲੋਂ ਦੇਰ ਰਾਤ ਸੂਚਨਾ ਮਿਲਣ ’ਤੇ ਸਹਾਇਕ ਮੈਨੇਜਰ ਅਨਿਲ ਕੁਮਾਰ ਨੇ ਤੜਕੇ 3.30 ਵਜੇ ਦੇ ਕਰੀਬ ਟਾਂਡਾ ਪੁਲੀਸ ਨੂੰ ਵਾਰਦਾਤ ਬਾਰੇ ਸੂਚਿਤ ਕੀਤਾ। ਸੂਚਨਾ ਮਿਲਣ ਮਗਰੋਂ ਡੀਐੱਸਪੀ ਕੁਲਵੰਤ ਸਿੰਘ ਤੇ ਥਾਣਾ ਮੁਖੀ ਉਂਕਾਰ ਸਿੰਘ ਦੀ ਟੀਮ ਨੇ ਘਟਨਾ ਸਥਾਨ ਦਾ ਜਾਇਜ਼ਾ ਲਿਆ। ਲੁਟੇਰਿਆਂ ਨੇ ਪਹਿਲਾਂ ਉੱਥੇ ਲੱਗੇ ਸੀਸੀਟੀਵੀ ਕੈਮਰਿਆਂ ‘ਤੇ ਕਾਲੇ ਰੰਗ ਦਾ ਛਿੜਕਾਅ ਕੀਤਾ ਅਤੇ ਗੈਸ ਕਟਰ ਦੀ ਮਦਦ ਨਾਲ ਏਟੀਐੱਮ ਮਸ਼ੀਨ ਨੂੰ ਕੱਟ ਕੇ 8.77 ਲੱਖ ਰੁਪਏ ਲੁੱਟ ਕੇ ਫਰਾਰ ਹੋ ਗਏ| ਪੁਲੀਸ ਨੇ ਬੈਂਕ ਗਾਰਡ ਸੁਰਿੰਦਰ ਸਿੰਘ ਦੇ ਬਿਆਨਾਂ ’ਤੇ ਕੇਸ ਦਰਜ ਕਰ ਲਿਆ ਹੈ।