ਚੰਡੀਗੜ੍ਹ (ਟ੍ਰਿਬਿਊਨ ਨਿਊਜ਼ ਸਰਵਿਸ): ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਹੁਕਮਾਂ ’ਤੇ ਅੱਜ ਗ੍ਰਹਿ ਵਿਭਾਗ ਨੇ ਜਨਮ-ਅਸ਼ਟਮੀ ਮੌਕੇ 12 ਤੇ 13 ਅਗਸਤ ਦਰਮਿਆਨੀ ਰਾਤ ਸੂਬੇ ਭਰ ਵਿੱਚ ਕਰਫ਼ਿਊ ’ਚ ਢਿੱਲ ਦੇਣ ਦਾ ਫ਼ੈਸਲਾ ਕੀਤਾ ਹੈ। ਮੁੱਖ ਮੰਤਰੀ ਦਫ਼ਤਰ ਦੇ ਬੁਲਾਰੇ ਅਨੁਸਾਰ ਇਹ ਅੰਸ਼ਿਕ ਢਿੱਲ ਸਿਰਫ਼ ਇੱਕ ਰਾਤ ਲਈ ਹੋਵੇਗੀ। ਬੁਲਾਰੇ ਨੇ ਕਿਹਾ ਕਿ ਜਨਮ-ਅਸ਼ਟਮੀ ਮੌਕੇ ਹੁਣ ਬੁੱਧਵਾਰ ਤੇ ਵੀਰਵਾਰ ਵਿਚਾਲੇ ਅੱਧੀ ਰਾਤ 1 ਤੋਂ ਸਵੇਰੇ 5 ਵਜੇ ਤੱਕ ਕਰਫ਼ਿਊ ਰਹੇਗਾ। ਵਿਸ਼ੇਸ਼ ਮੁੱਖ ਸਕੱਤਰ (ਗ੍ਰਹਿ) ਸਤੀਸ਼ ਚੰਦਰਾ ਨੇ ਸਾਰੇ ਜ਼ਿਲ੍ਹਾ ਮੈਜਿਸਟਰੇਟਾਂ ਨੂੰ ਇਸ ਅਨੁਸਾਰ ਹੁਕਮ ਜਾਰੀ ਕਰਨ ਲਈ ਕਿਹਾ ਹੈ। ਜ਼ਿਕਰਯੋਗ ਹੈ ਕਿ ਸਰਕਾਰ ਨੇ ਜਲੰਧਰ, ਲੁਧਿਆਣਾ ਤੇ ਪਟਿਆਲਾ ਨੂੰ ਛੱਡ ਕੇ ਸਾਰੇ ਪੰਜਾਬ ਵਿੱਚ ਰਾਤ 11 ਤੋਂ ਸਵੇਰੇ 5 ਵਜੇ ਤੱਕ ਰਾਤ ਦਾ ਕਰਫ਼ਿਊ ਪਹਿਲਾਂ ਹੀ ਲਗਾਇਆ ਹੋਇਆ ਹੈ ਤੇ ਕੋਵਿਡ ਦੇ ਵਧਦੇ ਕੇਸਾਂ ਨੂੰ ਦੇਖਦਿਆਂ ਪਿਛਲੇ ਹਫ਼ਤੇ ਤੋਂ ਉਕਤ ਤਿੰਨ ਸ਼ਹਿਰਾਂ ਵਿੱਚ ਕਰਫ਼ਿਊ ਦਾ ਸਮਾਂ ਰਾਤ 9 ਵਜੇ ਤੋਂ ਕੀਤਾ ਗਿਆ ਹੈ।