ਆਤਿਸ਼ ਗੁਪਤਾ
ਚੰਡੀਗੜ੍ਹ, 9 ਜੂਨ
ਤਾਲਾਬੰਦੀ ਦੌਰਾਨ ਪਿਛਲੇ ਢਾਈ ਮਹੀਨੇ ਤੋਂ ਬੰਦ ਪਈ ਸੀਟੀਯੂ ਬੱਸ ਸੇਵਾ ਭਲਕੇ ਬੁੱਧਵਾਰ ਤੋਂ ਪੰਜਾਬ ਤੇ ਹਰਿਆਣਾ ’ਚ ਸ਼ੁਰੂ ਹੋਣ ਜਾ ਰਹੀ ਹੈ। ਪ੍ਰਸ਼ਾਸਨ ਨੇ ਹਾਲੇ ਹਿਮਾਚਲ ਪ੍ਰਦੇਸ਼ ਤੇ ਉਤਰਾਖੰਡ ਸਣੇ ਹੋਰ ਸੂਬਿਆਂ ’ਚ ਬੱਸਾਂ ਚਲਾਉਣ ਦੀ ਪ੍ਰਵਾਨਗੀ ਨਹੀਂ ਦਿੱਤੀ। ਸੀਟੀਯੂ ਨੇ ਪੰਜਾਬ ਤੇ ਹਰਿਆਣਾ ਦੇ ਕੁੱਲ 40 ਰੂਟਾਂ ’ਤੇ ਬੱਸਾਂ ਚਲਾਉਣ ਦਾ ਪ੍ਰੋਗਰਾਮ ਉਲੀਕਿਆ ਹੈ। ਸਫ਼ਰ ਕਰਨ ਵਾਲੇ ਵਿਅਕਤੀ ਨੂੰ ਆਨਲਾਈਨ ਟਿਕਟ ਖਰੀਦਣੀ ਪਵੇਗੀ।
ਚੰਡੀਗੜ੍ਹ ਟਰਾਂਸਪੋਰਟ ਦੇ ਡਾਇਰੈਕਟਰ ਉਮਾ ਸ਼ੰਕਰ ਗੁਪਤਾ ਨੇ ਦੱਸਿਆ ਕਿ ਪੰਜਾਬ ਅਤੇ ਹਰਿਆਣਾ ’ਚ ਜਾਣ ਵਾਲੀਆਂ ਬੱਸਾਂ ’ਚ 50 ਫ਼ੀਸਦ ਸਵਾਰੀਆਂ ਲਿਜਾਣ ਦੀ ਆਗਿਆ ਹੋਵੇਗੀ ਤੇ ਇਨ੍ਹਾਂ ਸਵਾਰੀਆਂ ਨੂੰ ਸਮਾਜਿਕ ਦੂਰੀ ਦੇ ਨਿਯਮਾਂ ਦੀ ਪਾਲਣਾ ਕਰਦਿਆਂ ਦੂਰ-ਦੂਰ ਬਿਠਾਇਆ ਜਾਵੇਗਾ। ਉਨ੍ਹਾਂ ਦੱਸਿਆ ਕਿ ਹਰੇਕ ਸਵਾਰੀ ਦੇ ਮਾਸਕ ਪਾਉਣਾ ਲਾਜ਼ਮੀ ਹੋਵੇਗਾ ਤੇ ਬੱਸ ਵਿੱਚ ਚੜ੍ਹਨ ਤੋਂ ਪਹਿਲਾਂ ਸੈਨੇਟਾਈਜ਼ੇਸ਼ਨ ਕੀਤੀ ਜਾਵੇਗੀ।
ਅਧਿਕਾਰੀਆਂ ਅਨੁਸਾਰ ਮੁੱਢਲੇ ਤੌਰ ਪੰਜਾਬ ’ਚ ਚੰਡੀਗੜ੍ਹ ਤੋਂ ਹੁਸ਼ਿਆਰਪੁਰ, ਪਠਾਨਕੋਟ, ਅੰਮ੍ਰਿਤਸਰ, ਪਟਿਆਲਾ, ਨੰਗਲ, ਖੰਨਾ, ਲੁਧਿਆਣਾ ,ਦੀਨਾਨਗਰ ਅਤੇ ਬਠਿੰਡਾ ਰੂਟਾਂ ’ਤੇ ਬੱਸਾਂ ਚਲਾਈਆਂ ਜਾ ਰਹੀਆਂ ਹਨ। ਇਸੇ ਤਰ੍ਹਾਂ ਹਰਿਆਣਾ ’ਚ ਚੰਡੀਗੜ੍ਹ ਤੋਂ ਪਾਣੀਪਤ, ਰੋਹਤਕ, ਯਮੁਨਾਨਗਰ, ਜੀਂਦ, ਹਿਸਾਰ, ਸਿਰਸਾ ਅਤੇ ਹਾਂਸੀ ਰੂਟਾਂ ’ਤੇ ਬੱਸਾਂ ਚਲਾਈਆਂ ਗਈਆਂ ਹਨ। ਬੱਸ ’ਚ ਸਫ਼ਰ ਕਰਨ ਲਈ ਆਨਲਾਈਨ ਟਿਕਟ ਖ਼ਰੀਦੀ ਜਾ ਸਕੇਗੀ ਜੋ ਕਿ ਸੀਟੀਯੂ ਦੀ ਵੈਬਸਾਈਟ ਅਤੇ ‘ਸੀਟੀਯੂ ਮੁਸਾਫਿਰ’ ਮੋਬਾਈਲ ਐਪ ਰਾਹੀਂ ਮਿਲੇਗੀ।