ਚਰਨਜੀਤ ਭੁੱਲਰ
ਚੰਡੀਗੜ੍ਹ, 17 ਜੁਲਾਈ
ਪੰਜਾਬ ’ਚ ਲੰਘੇ ਦੋ ਦਿਨਾਂ ਤੋਂ ਪੈ ਰਹੇ ਮੀਂਹ ਤੇ ਚੱਲੀ ਤੇਜ਼ ਹਨੇਰੀ ਕਾਰਨ ਕਰੀਬ ਇੱਕ ਲੱਖ ਏਕੜ ਫ਼ਸਲ ਪ੍ਰਭਾਵਿਤ ਹੋਈ ਹੈ। ਫ਼ਸਲਾਂ ਦਾ ਵੱਡਾ ਨੁਕਸਾਨ ਜ਼ਿਲ੍ਹਾ ਫ਼ਾਜ਼ਿਲਕਾ, ਮੁਕਤਸਰ ਤੇ ਫ਼ਿਰੋਜ਼ਪੁਰ ਦੇ ਕੁਝ ਪਿੰਡਾਂ ’ਚ ਹੋਇਆ ਹੈ। ਇੱਥੋਂ ਤੱਕ ਕਿ ਲੋਕਾਂ ਦੇ ਘਰ ਵੀ ਪਾਣੀ ਵਿਚ ਡੁੱਬ ਗਏ ਹਨ। ਕਰੀਬ ਤਿੰਨ ਸੌ ਪਿੰਡ ਜ਼ਿਆਦਾ ਪ੍ਰਭਾਵਿਤ ਹੋਏ ਹਨ ਜਿੱਥੋਂ ਦੀਆਂ ਫ਼ਸਲਾਂ ’ਚ ਕਈ-ਕਈ ਫੁੱਟ ਪਾਣੀ ਖੜ੍ਹ ਗਿਆ ਹੈ। ਜ਼ਿਲ੍ਹਾ ਮੋਗਾ ਦੇ ਸੰਧੂਆਂ ਵਾਲਾ ਰੋਡ ’ਤੇ ਇੱਕ ਖੇਤ ’ਚ ਬਣੀ ਝੌਂਪੜੀ ਦੀ ਕੰਧ ਡਿੱਗਣ ਕਾਰਨ ਦੋ ਬੱਚੀਆਂ ਦੀ ਮੌਤ ਹੋ ਗਈ ਜਦਕਿ ਛੇ ਜਣੇ ਜ਼ਖ਼ਮੀ ਹੋਏ ਹਨ।
ਪਰਿਵਾਰ ਦੇ ਮੁਖੀ ਰਾਜੇਸ਼ ਸ਼ਾਹ ਨੇ ਦੱਸਿਆ ਕਿ ਉਹ ਸਬਜ਼ੀ ਵੇਚਣ ਦਾ ਕੰਮ ਕਰਦਾ ਹੈ ਅਤੇ ਲੰਘੀ ਰਾਤ ਹਨੇਰੀ ਅਤੇ ਮੀਂਹ ਕਰਕੇ ਕੰਧ ਡਿੱਗ ਪਈ ਜਿਸ ਹੇਠ ਆ ਕੇ ਇੱਕ ਪੰਜ ਸਾਲ ਤੇ ਦੂਜੀ ਡੇਢ ਸਾਲ ਦੀ ਬੱਚੀ ਦੀ ਮੌਤ ਹੋ ਗਈ ਹੈ। ਇਸੇ ਤਰ੍ਹਾਂ ਅਬੋਹਰ ਦੇ ਪਿੰਡ ਖੂਹੀ ਖੇੜਾ ਰੁਕਨਪੁਰਾ ’ਚ ਖੇਤਾਂ ਦੇ ਪਾਣੀ ਦੀ ਨਿਕਾਸੀ ਨੂੰ ਲੈ ਕੇ ਹੋਏ ਝਗੜੇ ਦੌਰਾਨ ਗੋਲੀ ਚੱਲਣ ਇੱਕ ਵਿਅਕਤੀ ਜ਼ਖਮੀ ਹੋ ਗਿਆ ਜਿਸ ਨੂੰ ਫ਼ੌਰੀ ਅਬੋਹਰ ਦੇ ਹਸਪਤਾਲ ਦਾਖਲ ਕਰਾਇਆ ਗਿਆ ਹੈ। ਮੌਸਮ ਵਿਭਾਗ ਨੇ ਆਉਂਦੇ ਦਿਨਾਂ ਵਿੱਚ ਵੀ ਤੇਜ਼ ਬਾਰਸ਼ ਪੈਣ ਦੀ ਪੇਸ਼ੀਨਗੋਈ ਕੀਤੀ ਹੈ।
ਮਾਲਵਾ ਖ਼ਿੱਤੇ ਵਿਚ ਸਭ ਤੋਂ ਵੱਧ ਮੀਂਹ ਦੀ ਮਾਰ ਪਈ ਹੈ। ਸ਼ਹਿਰ ਮੁਕਤਸਰ ’ਚ ਹਾਲੇ ਵੀ ਪਾਣੀ ਖੜ੍ਹਾ ਹੈ ਜਦਕਿ ਫ਼ਰੀਦਕੋਟ ਅਤੇ ਕੋਟਕਪੂਰਾ ਸ਼ਹਿਰ ਵੀ ਜਲ ਮਗਨ ਹੋ ਗਏ ਸਨ। ਪਟਿਆਲਾ ਵਿਚ ਵੀ ਤੇਜ਼ ਬਾਰਸ਼ ਹੋਣ ਦੀ ਸੂਚਨਾ ਹੈ। ਜਾਣਕਾਰੀ ਅਨੁਸਾਰ ਫ਼ਾਜ਼ਿਲਕਾ ਜ਼ਿਲ੍ਹੇ ਵਿੱਚ ਸਭ ਤੋਂ ਵੱਧ ਨੁਕਸਾਨ ਹੋਇਆ ਹੈ ਜਿੱਥੇ ਸਰਕਾਰੀ ਰਿਪੋਰਟ ਅਨੁਸਾਰ ਕਰੀਬ 55 ਹਜ਼ਾਰ ਏਕੜ ਫ਼ਸਲ ਪ੍ਰਭਾਵਿਤ ਹੋਈ ਹੈ। ਗੁਰੂਹਰਸਹਾਏ ਬਲਾਕ ਦੇ ਪਿੰਡ ਚੱਕ ਨਿਧਾਨਾ, ਸੇਖਰੀਵਾਲਾ, ਸ਼ਹੀਦ ਊਧਮ ਸਿੰਘ ਵਾਲਾ ਆਦਿ ਦੇ ਖੇਤਾਂ ਵਿਚ ਪਾਣੀ ਖੜ੍ਹ ਗਿਆ ਹੈ। ਕੁੱਲ੍ਹ ਹਿੰਦ ਕਿਸਾਨ ਸਭਾ ਦੇ ਜ਼ਿਲ੍ਹਾ ਆਗੂ ਦਰਸ਼ਨ ਲਾਧੂਕਾ ਨੇ ਕਿਹਾ ਕਿ ਡਰੇਨਾਂ ਦੀ ਸਫ਼ਾਈ ਨਾ ਹੋਣ ਕਾਰਨ ਮੀਂਹ ਦੇ ਪਾਣੀ ਦੀ ਕਿਧਰੇ ਨਿਕਾਸ ਨਹੀਂ ਹੋਈ ਤੇ ਖ਼ਮਿਆਜ਼ਾ ਕਿਸਾਨਾਂ ਨੂੰ ਭੁਗਤਣਾ ਪੈ ਰਿਹਾ ਹੈ। ਫ਼ਾਜ਼ਿਲਕਾ ਦੇ ਪਿੰਡ ਧਰੌਬੜੀ, ਚੱਕ ਪਾਪੜਾ, ਤੋਤਿਆਂ ਵਾਲੀ, ਭੰਬਾਟੱਟੂ ਅਤੇ ਜਲਾਲਾਬਾਦ ਦੇ ਪਿੰਡ ਰੋਹੀ ਵਾਲਾ, ਹਲੀਮਵਾਲਾ ਆਦਿ ਤੋਂ ਇਲਾਵਾ ਪਿੰਡ ਜੰਡਵਾਲਾ, ਮੋਠਾਂ ਵਾਲੀ, ਕੁਤਬਗੜ੍ਹ ਆਦਿ ਦੇ ਖੇਤਾਂ ’ਚ ਝੋਨਾ ਪੂਰੀ ਤਰ੍ਹਾਂ ਮੀਂਹ ਦੇ ਪਾਣੀ ਵਿਚ ਡੁੱਬ ਗਿਆ ਹੈ। ਮੁਕਤਸਰ ਜ਼ਿਲ੍ਹੇ ਵਿਚ ਕਰੀਬ 45 ਹਜ਼ਾਰ ਏਕੜ ਫ਼ਸਲ ਮੀਂਹ ਦੇ ਪਾਣੀ ਵਿਚ ਡੁੱਬ ਗਈ ਹੈ। ਇਸ ਜ਼ਿਲ੍ਹੇ ਦੇ ਪਿੰਡ ਉਦੈਕਰਨ, ਥਾਂਦੇਵਾਲਾ, ਬਰਕੰਦੀ, ਅਟਾਰੀ ਅਤੇ ਸੱਕਾਂਵਾਲੀ ਪਿੰਡ ’ਚ ਫ਼ਸਲਾਂ ਜ਼ਿਆਦਾ ਪ੍ਰਭਾਵਿਤ ਹੋਈਆਂ ਹਨ। ਮੁਕਤਸਰ ਦੇ ਕਾਫ਼ੀ ਪਿੰਡਾਂ ਵਿਚ ਘਰ ਵੀ ਡਿੱਗੇ ਹਨ।
ਕਿਰਤੀ ਕਿਸਾਨ ਯੂਨੀਅਨ ਫ਼ਾਜ਼ਿਲਕਾ ਦੇ ਆਗੂ ਡਾ. ਸੁਖਚੈਨ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਹਾਲੇ ਤੱਕ ਪ੍ਰਭਾਵਿਤ ਕਿਸਾਨਾਂ ਦੀ ਸਾਰ ਨਹੀਂ ਲਈ ਹੈ। ਫ਼ਿਰੋਜ਼ਪੁਰ ਫਾਜ਼ਿਲਕਾ ਮੁੱਖ ਸੜਕ ’ਤੇ ਅੱਜ ਕਿਸਾਨਾਂ ਨੇ ਪਿੰਡ ਸੈਦੋ ਕੇ ਮੋਹਨ ਲਾਗੇ ਸੜਕ ਜਾਮ ਕੀਤੀ ਅਤੇ ਕਿਹਾ ਕਿ ਸਰਕਾਰ ਨੇ ਡਰੇਨਾਂ ਦੀ ਸਮੇਂ ਸਿਰ ਸਫ਼ਾਈ ਨਹੀਂ ਕਰਾਈ ਜਿਸ ਕਰਕੇ ਉਨ੍ਹਾਂ ਦੇ ਖੇਤਾਂ ’ਚੋਂ ਪਾਣੀ ਦਾ ਕਿਧਰੇ ਨਿਕਾਸ ਨਹੀਂ ਹੋ ਰਿਹਾ ਹੈ। ਜ਼ਿਲ੍ਹਾ ਫ਼ਰੀਦਕੋਟ ਵਿਚ ਵੀ ਫ਼ਸਲਾਂ ਪਾਣੀ ਵਿਚ ਡੁੱਬ ਗਈਆਂ ਹਨ।
ਖੇਤੀ ਵਿਭਾਗ ਪੰਜਾਬ ਦੇ ਡਾਇਰੈਕਟਰ ਗੁਰਬਿੰਦਰ ਸਿੰਘ ਨੇ ਕਿਹਾ ਕਿ ਫ਼ਾਜ਼ਿਲਕਾ ਤੇ ਮੁਕਤਸਰ ਵਿਚ ਕਰੀਬ 30 ਹਜ਼ਾਰ ਹੈਕਟੇਅਰ ਰਕਬੇ ਵਿਚ ਪਾਣੀ ਖੜ੍ਹਾ ਹੈ ਜਿਸ ਦਾ ਜਲਦੀ ਨਿਕਾਸ ਹੋ ਜਾਣਾ ਹੈ। ਉਨ੍ਹਾਂ ਕਿਹਾ ਕਿ ਫ਼ਸਲੀ ਨੁਕਸਾਨ ਦੀ ਕਿਧਰੋਂ ਕੋਈ ਰਿਪੋਰਟ ਨਹੀਂ ਹੈ। ਉਨ੍ਹਾਂ ਕਿਹਾ ਕਿ ਇਸ ਮੀਂਹ ਨਾਲ ਚਿੱਟੇ ਮੱਛਰ ਦਾ ਪ੍ਰਕੋਪ ਵੀ ਘੱਟ ਜਾਣਾ ਹੈ।
ਫਸਲਾਂ ਦੇ ਨੁਕਸਾਨ ਦੀ ਵਿਸ਼ੇਸ਼ ਗਿਰਦਾਵਰੀ ਹੋਵੇ: ਵੜਿੰਗ
ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਨੇ ਅੱਜ ਮੁਕਤਸਰ ਅਤੇ ਗਿੱਦੜਬਾਹਾ ਹਲਕੇ ਦੇ ਪ੍ਰਭਾਵਿਤ ਪਿੰਡਾਂ ਦਾ ਦੌਰਾ ਕੀਤਾ। ਉਨ੍ਹਾਂ ਮੰਗ ਕੀਤੀ ਕਿ ਸਰਕਾਰ ਵਿਸ਼ੇਸ਼ ਗਿਰਦਾਵਰੀ ਕਰਾਏ ਅਤੇ ਪ੍ਰਤੀ ਏਕੜ 35 ਹਜ਼ਾਰ ਰੁਪਏ ਮੁਆਵਜ਼ੇ ਦਾ ਐਲਾਨ ਕਰੇ। ਭਾਜਪਾ ਆਗੂ ਰਾਣਾ ਸੋਢੀ ਨੇ ਵੀ ਅੱਜ ਕੁਝ ਪਿੰਡਾਂ ਦਾ ਦੌਰਾ ਕਰਕੇ ਪ੍ਰਭਾਵਿਤ ਫ਼ਸਲਾਂ ਦਾ ਜਾਇਜ਼ਾ ਲਿਆ। ਪੰਜਾਬ ਸਰਕਾਰ ਤਰਫ਼ੋਂ ਹਾਲੇ ਕੋਈ ਵੀ ਕੈਬਨਿਟ ਮੰਤਰੀ ਜਾਂ ਨੁਮਾਇੰਦਾ ਪ੍ਰਭਾਵਿਤ ਪਿੰਡਾਂ ਵਿਚ ਨਹੀਂ ਪੁੱਜਾ ਹੈ।
ਕੇਂਦਰ ਸਰਕਾਰ ਨੂੰ ਭੇਜੀ ਰਿਪੋਰਟ
ਪੰਜਾਬ ਸਰਕਾਰ ਵੱਲੋਂ ਜੋ ਕੇਂਦਰੀ ਗ੍ਰਹਿ ਮੰਤਰਾਲੇ ਨੂੰ ਤਾਜ਼ਾ ਰਿਪੋਰਟ ਭੇਜੀ ਗਈ ਹੈ, ਉਸ ਅਨੁਸਾਰ ਹੁਣ ਤੱਕ ਪੰਜਾਬ ਵਿਚ ਪਈ ਬਾਰਸ਼ ਨਾਲ ਪੰਜ ਮੌਤਾਂ ਹੋ ਚੁੱਕੀਆਂ ਹਨ ਜਦਕਿ 36 ਵਿਅਕਤੀ ਜ਼ਖਮੀ ਹੋ ਚੁੱਕੇ ਹਨ। ਇਨ੍ਹਾਂ ਮੀਂਹਾਂ ਕਾਰਨ 45 ਘਰ ਡਿੱਗੇ ਹਨ। ਇਸੇ ਤਰ੍ਹਾਂ 200 ਮੁਰਗੀਆਂ ਦੀ ਜਾਨ ਵੀ ਗਈ ਹੈ।