ਅਜੇ ਮਲਹੋਤਰਾ
ਸ੍ਰੀ ਫ਼ਤਹਿਗੜ੍ਹ ਸਾਹਿਬ, 26 ਜੁਲਾਈ
ਮੁੱਖ ਅੰਸ਼
- ਪੰਜਾਬ ਸਰਕਾਰ ’ਤੇ ਕਿਸਾਨਾਂ ਦੀ ਸਾਰ ਨਾ ਲੈਣ ਦਾ ਲਾਇਆ ਦੋਸ਼
- ਸਮੱਸਿਆ ਹੱਲ ਨਾ ਹੋਣ ’ਤੇ 3 ਅਗਸਤ ਨੂੰ ਚੱਕਾ ਜਾਮ ਕਰਨ ਦੀ ਚਿਤਾਵਨੀ
ਖਰੜ ਦੇ ਸੀਵਰੇਜ ਅਤੇ ਉਦਯੋਗਾਂ ਦਾ ਦੂਸ਼ਿਤ ਪਾਣੀ ਪਿਛਲੇ ਕਈ ਸਾਲਾਂ ਤੋਂ ਹਲਕਾ ਬਸੀ ਪਠਾਣਾਂ ਦੇ ਪਿੰਡ ਨੰਦਪੁਰ-ਕਲੌੜ ਦੇ ਖੇਤਾਂ ਵਿੱਚ ਆ ਰਿਹਾ ਹੈ ਜਿਸ ਕਾਰਨ ਪਿੰਡ ਦੇ ਕਿਸਾਨਾਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਲਾਕੇ ਵਿੱਚ ਕੁਝ ਦਿਨ ਪਹਿਲਾਂ ਪਈ ਬਰਸਾਤ ਕਰਕੇ ਪਿੰਡ ਨੰਦਪੁਰ ਕਲੌੜ ਦੇ ਕਿਸਾਨ ਅਜਿਹੀ ਦੁਵਿਧਾ ਵਿੱਚ ਹਨ ਕਿ ਇਸ ਪਾਣੀ ਤੋਂ ਉਹ ਆਪਣੇ ਘਰ ਬਚਾਉਣ ਜਾਂ ਆਪਣੀ ਫਸਲ ਨੂੰ ਬਚਾਉਣ।
ਇਸ ਹਾਲਾਤਾ ਦਾ ਜਾਇਜ਼ਾ ਲੈਣ ਲਈ ਅੱਜ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਜੱਥੇਬੰਦੀ ਦੇ ਸੂਬਾ ਪ੍ਰਧਾਨ ਜਗਜੀਤ ਸਿੰਘ ਡੱਲੇਵਾਲ ਨੇ ਸੀਨੀਅਰ ਮੀਤ ਪ੍ਰਧਾਨ ਜਸਵੀਰ ਸਿੰਘ ਸਿੱਧੂਪੁਰ, ਜ਼ਿਲ੍ਹਾ ਪ੍ਰਧਾਨ ਗੁਰਜਿੰਦਰ ਸਿੰਘ, ਬਲਪ੍ਰੀਤ ਸਿੰਘ ਅਬਦੁਲਾਪੁਰ, ਮਨਦੀਪ ਸਿੰਘ ਸਾਦਕਪੁਰ, ਗੁਰਜੀਤ ਸਿੰਘ ਵਜੀਦਪੁਰ, ਪ੍ਰਦੀਪ ਸਿੰਘ ਕਲੌੜ ਆਦਿ ਨੂੰ ਨਾਲ ਲੈ ਕੇ ਪਿੰਡ ਦੇ ਇਸ ਦੂਸ਼ਿਤ ਪਾਣੀ ਤੋਂ ਪ੍ਰਭਾਵਿਤ ਇਲਾਕੇ ਦਾ ਦੌਰਾ ਕੀਤਾ ਅਤੇ ਪੰਜਾਬ ਸਰਕਾਰ ’ਤੇ ਕਥਿਤ ਅਣਗਹਿਲੀ ਦੇ ਦੋਸ਼ ਲਗਾਏ।
ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੇ ਕਿਹਾ ਕਿ ਇਸ ਸਮੱਸਿਆ ਬਾਰੇ ਪੰਜਾਬ ਸਰਕਾਰ ਨੂੰ ਕਈ ਵਾਰ ਜਾਣੂ ਕਰਵਾਇਆ ਜਾ ਚੁੱਕਾ ਹੈ ਪਰ ਸਰਕਾਰ ਨੇ ਕੋਈ ਸਾਰਥਕ ਪਹਿਲ ਨਹੀਂ ਕੀਤੀ। ੳਨ੍ਹਾਂ ਕਿਹਾ ਕਿ ਪਿੰਡ ਵਿੱਚ ਹੜ੍ਹ ਵਰਗੀ ਸਥਿਤੀ ਬਣੀ ਹੋਈ ਹੈ ਜੋ ਫਸਲਾਂ ਨੂੰ ਤਬਾਹ ਕਰ ਰਹੀ ਹੈ ਅਤੇ ਕਿਸੇ ਵੀ ਸਰਕਾਰੀ ਅਧਿਕਾਰੀ ਜਾਂ ਸਥਾਨਕ ਵਿਧਾਇਕ ਨੇ ਪ੍ਰਭਾਵਿਤ ਕਿਸਾਨਾਂ ਦੀ ਸਾਰ ਤੱਕ ਨਹੀਂ ਲਈ। ਉਨ੍ਹਾਂ ਕਿਹਾ ਕਿ ਕਿਸਾਨ ਆਪਣੇ ਘਰਾਂ ਅਤੇ ਫਸਲਾਂ ਨੂੰ ਬਚਾਉਣ ਲਈ ਦਿਨ-ਰਾਤ ਜਾਗ ਰਹੇ ਹਨ ਅਤੇ ਪੰਜਾਬ ਸਰਕਾਰ ਸੌਂ ਰਹੀ ਹੈ। ਉਨ੍ਹਾਂ ਕਿਹਾ ਕਿ ਸੀਵਰੇਜ ਵਿਭਾਗ ਅਤੇ ਸਰਕਾਰ ਦੀ ਕਥਿਤ ਲਾਪ੍ਰਵਾਹੀ ਦਾ ਖਾਮਿਆਜ਼ਾ ਕਿਸਾਨ ਭੁਗਤ ਰਹੇ ਹਨ। ਸ੍ਰੀ ਡੱਲੇਵਾਲ ਨੇ ਪੰਜਾਬ ਸਰਕਾਰ ਨੂੰ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਜੇਕਰ ਇਸ ਸਮੱਸਿਆ ਦਾ ਤੁਰੰਤ ਹੱਲ ਨਾ ਨਿਕਲਿਆ ਤਾਂ 3 ਅਗਸਤ ਨੂੰ ਹਾਈਵੇਅ ਜਾਮ ਕੀਤਾ ਜਾਵੇਗਾ।
ਇਸ ਮੌਕੇ ਪਿੰਡ ਨੰਦਪੁਰ ਤੋਂ ਵੀਰਾ ਸਿੰਘ, ਪਰਤਦਿਆਲ ਸਿੰਘ, ਸ਼ਿੰਦਰ ਸਿੰਘ, ਜਗਰੂਪ ਸਿੰਘ, ਮੰਗਾ ਸਿੰਘ, ਮੇਵਾ ਸਿੰਘ, ਮੋਹਣਾ ਸਿੰਘ, ਸ਼ੇਰਗੜ੍ਹ ਬਾਡਾ ਤੋਂ ਗੁਰਜੰਟ ਸਿੰਘ ਅਤੇ ਸੁਖਦੀਪ ਸਿੰਘ ਆਦਿ ਮੌਜੂਦ ਸਨ।