ਟ੍ਰਿਬਿਊਨ ਵੈੱਬ ਡੈਸਕ
ਚੰਡੀਗੜ੍ਹ, 25 ਜਨਵਰੀ
ਸਾਬਕਾ ਕੇਂਦਰੀ ਮੰਤਰੀ ਤੇ ਬਠਿੰਡਾ ਤੋਂ ਲੋਕ ਸਭਾ ਮੈਂਬਰ ਹਰਸਿਮਰਤ ਕੌਰ ਬਾਦਲ ਨੇ ਕਿਸਾਨਾਂ ਵੱਲੋਂ ਭਲਕੇ 26 ਜਨਵਰੀ ਲਈ ਤਜਵੀਜ਼ਤ ਟਰੈਕਟਰ ਪਰੇਡ ਮਾਰਚ ਵਿੱਚ ਅੜਿੱਕੇ ਡਾਹੁਣ ਲਈ ਮੋਦੀ ਸਰਕਾਰ ਦੀ ਨੁਕਤਾਚੀਨੀ ਕੀਤੀ ਹੈ। ਬੀਬਾ ਬਾਦਲ ਨੇ ਟਰੈਕਟਰ ਮਾਰਚ ਵਿੱਚ ਸ਼ਾਮਲ ਕਿਸਾਨਾਂ ਨੂੰ ਡੀਜ਼ਲ ਦੀ ਸਪਲਾਈ ਰੋਕੇ ਜਾਣ ਲਈ ਉੱਤਰ ਪ੍ਰਦੇਸ਼ ਦੀ ਯੋਗੀ ਸਰਕਾਰ ਨੂੰ ਵੀ ਨਿਸ਼ਾਨਾ ਬਣਾਇਆ। ਹਰਸਿਮਰਤ ਨੇ ਕਿਹਾ ਕਿ ਜਲ ਤੋਪਾਂ, ਅੱਥਰੂ ਗੈਸ ਤੇ ਐੱਨਆਈਏ ਕੇਸਾਂ ਮਗਰੋਂ ਹੁਣ ਉੱਤਰ ਪ੍ਰਦੇਸ਼ ਸਰਕਾਰ ਵੱਲੋਂ ਟਰੈਕਟਰ ਪਰੇਡ ’ਚ ਸ਼ਾਮਲ ਕਿਸਾਨਾਂ ਨੂੰ ਡੀਜ਼ਲ ਦੀ ਸਪਲਾਈ ਨਾ ਕਰਨਾ ‘ਅੰਨਦਾਤੇ’ ਨਾਲ ਕੀਤੇ ਜਾ ਰਹੇ ਧੱਕੇ ਨੂੰ ਦਰਸਾਉਂਦਾ ਹੈ। ਹਰਸਿਮਰਤ ਕੌਰ ਬਾਦਲ ਨੇ ਇਕ ਟਵੀਟ ’ਚ ਕਿਹਾ ਕਿ ਕੇਂਦਰ ਤੇ ਸੂਬਾ ਸਰਕਾਰ ਦੀ ਇਸ ਧੱਕੇਸ਼ਾਹੀ ਨਾਲ ਅੰਦੋਲਨਕਾਰੀ ਕਿਸਾਨਾਂ ਦਾ ਸੰਘਰਸ਼ ਹੋਰ ਪੱਕਾ ਹੋਵੇਗਾ।