ਨਿੱਜੀ ਪੱਤਰ ਪ੍ਰੇਰਕ
ਬਟਾਲਾ, 13 ਸਤੰਬਰ
ਇੱਥੋਂ ਦੇ ਸ੍ਰੀ ਹਰਗੋਬਿੰਦਪੁਰ ਰੋਡ ’ਤੇ ਸਥਿਤ ਪਿੰਡ ਚੀਮਾ ਖੁੱਡੀ ਦੇ ਪਰਿਵਾਰ ਦੇ ਤਿੰਨ ਜੀਆਂ ਦੀ ਕੱਲ੍ਹ ਸੜਕ ਹਾਦਸੇ ਵਿੱਚ ਮੌਤ ਹੋ ਗਈ ਸੀ। ਇਹ ਘਟਨਾ ਮਹਿਲਪੁਰ ਚੌਕ ਬਹਿਰਾਮ ’ਚ ਉਸ ਸਮੇਂ ਵਾਪਰੀ, ਜਦੋਂ ਮਿੱਟੀ ਨਾਲ ਭਰਿਆ ਟਰਾਲਾ ਕਾਰ ’ਤੇ ਪਲਟ ਗਿਆ। ਮ੍ਰਿਤਕਾਂ ਦਾ ਅੱਜ ਸਸਕਾਰ ਕਰ ਦਿੱਤਾ ਗਿਆ। ਇਸ ਘਟਨਾ ’ਚ ਗੁਰਇਕਬਾਲ ਸਿੰਘ, ਉਸ ਦੀ ਪਤਨੀ ਰਮਨਜੀਤ ਕੌਰ ਅਤੇ ਪੁੱਤਰ ਜਸਮੀਤ ਦੀ ਮੌਤ ਹੋ ਗਈ ਸੀ। ਮ੍ਰਿਤਕ ਦੇ ਛੋਟੇ ਭਰਾ ਨੇ ਦੱਸਿਆ ਕਿ ਉਸ ਦਾ ਭਰਾ ਤੇ ਪਰਿਵਾਰਕ ਮੈਂਬਰ ਸੋਮਵਾਰ ਨੂੰ ਆਪਣੀ ਧੀ ਨੂੰ ਹੋਸਟਲ ਛੱਡਣ ਗਏ ਸਨ। ਫਗਵਾੜਾ-ਰੋਪੜ ਮੁੱਖ ਮਾਰਗ ’ਤੇ ਮਿੱਟੀ ਦਾ ਟਰਾਲਾ ਕਾਰ ’ਤੇ ਪਲਟ ਗਿਆ ਜਿਸ ਕਾਰਨ ਤਿੰਨਾਂ ਦੀ ਮੌਤ ਹੋ ਗਈ ਸੀ। ਸਾਬਕਾ ਵਿਧਾਇਕ ਕੈਪਟਨ ਬਲਬੀਰ ਸਿੰਘ ਬਾਠ ਤੇ ਹੋਰਾਂ ਨੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ।