ਸੁਭਾਸ਼ ਜੋਸ਼ੀ/ਗੁਰਦੇਵ ਸਿੰਘ ਗਹੂੰਣ
ਬਲਾਚੌਰ, 30 ਮਈ
ਸ਼ਹਿਰ ਦੇ ਚਾਰ ਨੌਜਵਾਨ ਕੱਲ੍ਹ ਔਲੀਆਪੁਰ ਬੰਨ੍ਹ ਨੇੜੇ ਸਤਲੁਜ ਦਰਿਆ ਵਿੱਚ ਨਹਾਉਣ ਸਮੇਂ ਡੁੱਬ ਗਏ ਸਨ। ਥਾਣਾ ਸਦਰ ਬਲਾਚੌਰ ਦੀ ਪੁਲੀਸ ਨੇ ਅੱਜ ਲਾਸ਼ਾਂ ਪੋਸਟਮਾਰਟਮ ਕਰਵਾ ਕੇ ਉਨ੍ਹਾਂ ਦੇ ਵਾਰਸਾਂ ਨੂੰ ਸੌਂਪ ਦਿੱਤੀਆਂ। ਇਸ ਮਗਰੋਂ ਸਥਾਨਕ ਗਹੂੰਣ ਰੋਡ ਸਥਿਤ ਸ਼ਮਸ਼ਾਨਘਾਟ ਵਿੱਚ ਚਾਰੇ ਨੌਜਵਾਨਾਂ ਦਾ ਅੰਤਿਮ ਸਸਕਾਰ ਕੀਤਾ ਗਿਆ। ਇਸ ਮੌਕੇ ਪਰਿਵਾਰਕ ਮੈਬਰਾਂ, ਰਿਸ਼ਤੇਦਾਰਾਂ ਤੋਂ ਇਲਾਵਾ ਸੀਨੀਅਰ ਕਾਂਗਰਸੀ ਆਗੂ ਅਜੈ ਕੁਮਾਰ ਮੰਗੂਪੁਰ, ਨਗਰ ਕੌਂਸਲ ਪ੍ਰਧਾਨ ਟਿੰਕੂ ਘਈ ਸਣੇ ਸ਼ਹਿਰ ਦੇ ਹੋਰ ਲੋਕ ਹਾਜ਼ਰ ਹੋਏ।
ਇਸ ਮੌਕੇ ਮੁੱਖ ਥਾਣਾ ਅਫ਼ਸਰ ਸਦਰ ਬਲਾਚੌਰ ਅਵਤਾਰ ਸਿੰਘ ਨੇ ਦੱਸਿਆ ਕਿ ਜਿਹੜੇ ਨੌਜਵਾਨ ਕੱਲ੍ਹ ਦਰਿਆ ਵਿੱਚ ਡੁੱਬ ਗਏ ਸਨ, ਉਨ੍ਹਾਂ ਦੀਆਂ ਲਾਸ਼ਾਂ ਨੂੰ ਗੋਤਾਖੋਰਾਂ ਦੀ ਮਦਦ ਨਾਲ ਦਰਿਆ ਵਿੱਚੋਂ ਲੱਭ ਲਿਆ ਗਿਆ ਸੀ। ਅੱਜ ਸਿਵਲ ਹਸਪਤਾਲ ਬਲਾਚੌਰ ਵਿੱਚ ਪੋਸਟਮਾਰਟਮ ਕਰਾਉਣ ਮਗਰੋਂ ਲਾਸ਼ਾਂ ਪਰਿਵਾਰਾਂ ਨੂੰ ਸੌਂਪ ਦਿੱਤੀਆਂ ਗਈਆਂ।
ਮ੍ਰਿਤਕ ਨੌਜਵਾਨਾਂ ਦੀ ਪਛਾਣ ਵਾਰਡ ਨੰਬਰ-4 ਦੇ ਹਰਦੀਪ ਕੁਮਾਰ, ਸੰਦੀਪ ਤੇ ਹੈਪੀ ਅਤੇ ਵਾਰਡ ਨੰਬਰ-7 ਦੇ ਨਿਤਿਨ ਵਜੋਂ ਹੋਈ ਸੀ। ਉਹ ਕੱਲ੍ਹ ਗਰਮੀ ਤੋਂ ਰਾਹਤ ਪਾਉਣ ਲਈ ਮੋਟਰਸਾਈਕਲਾਂ ’ਤੇ ਪਿੰਡ ਔਲੀਆਪੁਰ ਵਿੱਚੋਂ ਲੰਘਦੇ ਸਤਲੁਜ ਦਰਿਆ ਵਿਚ ਨਹਾਉਣ ਗਏ ਸਨ। ਸ਼ਾਮ ਕਰੀਬ ਸਾਢੇ ਤਿੰਨ ਵਜੇ ਇਹ ਨੌਜਵਾਨ ਪਾਣੀ ਦੇ ਤੇਜ਼ ਵਹਾਅ ਵਿੱਚ ਆਪਣਾ ਸੰਤੁਲਨ ਗੁਆ ਬੈਠੇ ਤੇ ਦਰਿਆ ਵਿਚ ਡੁੱਬ ਗਏ। ਇਸ ਬਾਰੇ ਸੂਚਨਾ ਮਿਲਦੇ ਹੀ ਡੀਐੱਸਪੀ ਬਲਾਚੌਰ ਤਰਲੋਚਨ ਸਿੰਘ ਅਤੇ ਥਾਣਾ ਮੁਖੀ ਅਵਤਾਰ ਸਿੰਘ ਆਪਣੀ ਪੁਲੀਸ ਪਾਰਟੀ ਨਾਲ ਮੌਕੇ ’ਤੇ ਪੁੱਜੇ। ਉਨ੍ਹਾਂ ਨੇ ਗੋਤਾਖੋਰ ਬੁਲਾ ਕੇ ਦੇਰ ਸ਼ਾਮ ਚਾਰੇ ਨੌਜਵਾਨਾਂ ਦੀਆਂ ਲਾਸ਼ਾਂ ਨੂੰ ਦਰਿਆ ਵਿੱਚੋਂ ਕਢਵਾ ਲਿਆ ਸੀ।