ਅੰਮ੍ਰਿਤਸਰ (ਟਨਸ): ਸ੍ਰੀ ਹਰਿਮੰਦਰ ਸਾਹਿਬ ਵਿਚ ਬੇਅਦਬੀ ਦੇ ਯਤਨ ਦੀ ਵਾਪਰੀ ਘਟਨਾ ਮਗਰੋਂ ਕੁੱਟਮਾਰ ਦੌਰਾਨ ਮਾਰੇ ਗਏ ਨੌਜਵਾਨ ਦਾ ਅੱਜ ਨਿਯਮਾਂ ਮੁਤਾਬਕ ਪੋਸਟਮਾਰਟਮ ਕੀਤਾ ਗਿਆ ਅਤੇ ਬਾਅਦ ਦੁਪਹਿਰ ਲਾਸ਼ ਦਾ ਸਸਕਾਰ ਦੁਰਗਿਆਣਾ ਮੰਦਰ ਦੇ ਸ਼ਮਸ਼ਾਨਘਾਟ ਵਿਚ ਕਰ ਦਿੱਤਾ ਗਿਆ। ਨੌਜਵਾਨ ਦੀ ਲਾਸ਼ ਨੂੰ 72 ਘੰਟਿਆਂ ਲਈ ਸ਼ਨਾਖਤ ਵਾਸਤੇ ਮੁਰਦਾਘਰ ਵਿਚ ਰੱਖਿਆ ਗਿਆ ਸੀ ਪਰ ਕੋਈ ਵੀ ਸ਼ਨਾਖਤ ਲਈ ਨਹੀਂ ਆਇਆ। ਨਿਯਮਾਂ ਮੁਤਾਬਕ ਪੋਸਟਮਾਰਟਮ ਲਈ ਪੰਜ ਡਾਕਟਰਾਂ ਦਾ ਬੋਰਡ ਬਣਾਇਆ ਗਿਆ ਸੀ। ਇਸ ਕਾਰਵਾਈ ਦੀ ਵੀਡਿਓਗ੍ਰਾਫੀ ਵੀ ਕੀਤੀ ਗਈ ਹੈ। ਪੋਸਟਮਾਰਟਮ ’ਚ ਨੌਜਵਾਨ ਦੇ ਸ਼ਰੀਰ ’ਤੇ ਕਈ ਥਾਵਾਂ ’ਤੇ ਸੱਟਾਂ ਦੇ ਨਿਸ਼ਾਨ ਸਾਹਮਣੇ ਆਏ ਹਨ। ਸਿਰ ’ਤੇ ਲੱਗੀ ਸੱਟ ਨੂੰ ਜਾਨਲੇਵਾ ਦੱਸਿਆ ਗਿਆ ਹੈ। ਜਾਣਕਾਰੀ ਮੁਤਾਬਕ ਇਸ ਵਿਅਕਤੀ ਦੀ ਸ਼ਨਾਖਤ ਲਈ ਉਸ ਦੇ ਮੁੜ ਫਿੰਗਰ ਪ੍ਰਿੰਟ ਲਏ ਗਏ ਹਨ ਅਤੇ ਡੀਐੱਨਏ ਵਾਸਤੇ ਵੀ ਕੁਝ ਨਮੂਨੇ ਲਏ ਹਨ।
ਪੋਸਟਮਾਰਟਮ ਤੋਂ ਬਾਅਦ ਨੌਜਵਾਨ ਦਾ ਹਿੰਦੂ ਰੀਤੀ ਰਿਵਾਜ ਮੁਤਾਬਕ ਦੁਰਗਿਆਣਾ ਮੰਦਰ ਦੇ ਸ਼ਮਸ਼ਾਨਘਾਟ ਵਿਚ ਸਸਕਾਰ ਕਰ ਦਿੱਤਾ ਗਿਆ। ਪੁਲੀਸ ਵਲੋਂ ਵੱਖ-ਵੱਖ ਥਾਵਾਂ ’ਤੇ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਨੂੰ ਘੋਖਿਆ ਜਾ ਰਿਹਾ ਹੈ। ਹੁਣ ਤੱਕ ਪੁਲੀਸ ਨੂੰ ਜੋ ਸੁਰਾਗ ਮਿਲੇ ਹਨ, ਉਸ ਮੁਤਾਬਕ ਇਹ ਵਿਅਕਤੀ ਬੇਅਦਬੀ ਤੋਂ ਇਕ ਦਿਨ ਪਹਿਲਾਂ 17 ਦਸੰਬਰ ਨੂੰ ਸ਼ਹਿਰ ਵਿਚ ਆ ਚੁੱਕਾ ਸੀ।