ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 4 ਮਈ
ਕਰਿੱਡ ਦੇ ਬਾਨੀ ਡਾਇਰੈਕਟਰ ਰਸ਼ਪਾਲ ਮਲਹੋਤਰਾ (84 ਸਾਲ) ਦਾ ਅੱਜ ਮੁਹਾਲੀ ਦੇ ਇਕ ਪ੍ਰਾਈਵੇਟ ਹਸਪਤਾਲ ਵਿੱਚ ਦੇਹਾਂਤ ਹੋ ਗਿਆ। ਉਹ ਪਿਛਲੇ ਕਰੀਬ ਇਕ ਹਫ਼ਤੇ ਤੋਂ ਕਰੋਨਾ ਨਾਲ ਜੂਝ ਰਹੇ ਸਨ। ਉਨ੍ਹਾਂ ਦਾ ਜਨਮ ਕਸੂਰ (ਪਾਕਿਸਤਾਨ) ’ਚ 1936 ਵਿਚ ਹੋਇਆ ਤੇ ਵੰਡ ਪਿਛੋਂ ਉਨ੍ਹਾਂ ਦਾ ਪਰਿਵਾਰ ਸਹਾਰਨਪੁਰ (ਯੂਪੀ) ਆਣ ਵੱਸਿਆ। ਬਾਅਦ ਵਿੱਚ ਉਨ੍ਹਾਂ ਸੰਘਰਸ਼ ਕਰਦਿਆਂ ਜਲੰਧਰ ਰੇਲਵੇ ਸਟੇਸ਼ਨ ’ਤੇ ਮੂੰਗਫਲੀਆਂ ਵੀ ਵੇਚੀਆਂ ਅਤੇ ਦਿੱਲੀ ਵਿਚ ਘਰਾਂ ਨੂੰ ਸਫੇਦੀ ਕਰਨ ਦਾ ਕੰਮ ਵੀ ਕੀਤਾ। ਉਪਰੰਤ ਉਹ ਚੰਡੀਗੜ੍ਹ ਆ ਗਏ ਜਿਥੇ ਪੰਜਾਬ ਯੂਨੀਵਰਸਿਟੀ ਵਿੱਚ ਕਲਰਕ ਵਜੋਂ ਕੰਮ ਕਰਦਿਆਂ ਉਨ੍ਹਾਂ ਐੱਮਏ (ਪਬਲਿਕ ਐਡਮਨਿਸਟਰੇਸ਼ਨ) ਕੀਤੀ। ਜੰਮੂ ਕਸ਼ਮੀਰ ਦੇ ਸਾਬਕਾ ਰਾਜਪਾਲ ਐੱਨ.ਐੱਨ. ਵੋਹਰਾ ਨੇ ਉਨ੍ਹਾਂ ਦੇ ਦੇਹਾਂਤ ’ਤੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਪਿਛਲੇ ਛੇ ਦਹਾਕਿਆਂ ਤੋਂ ਰਸ਼ਪਾਲ ਮਲਹੋਤਰਾ ਨਾਲ ਸਾਂਝ ਸੀ ਜਿਨ੍ਹਾਂ ਕੌਮੀ ਹਿੱਤ ’ਚ ਕੰਮ ਕਰਦਿਆਂ ਵਡਮੁੱਲਾ ਯੋਗਦਾਨ ਪਾਇਆ ਤੇ ਕਰਿੱਡ ਦੀ ਸਥਾਪਨਾ ਕੀਤੀ। ਸਾਬਕਾ ਕੇਂਦਰੀ ਮੰਤਰੀ ਜੈਰਾਮ ਰਮੇਸ਼ ਨੇ ਕਿਹਾ ਕਿ ਸ੍ਰੀ ਮਲਹੋਤਰਾ ਨੇ ਪ੍ਰਧਾਨ ਮੰਤਰੀ ਇੰਦਰਾ ਗਾਂਧੀ, ਰਾਜੀਵ ਗਾਂਧੀ, ਨਰਸਿਮਹਾ ਰਾਓ ਅਤੇ ਮਨਮੋਹਨ ਸਿੰਘ ਨਾਲ ਵੀ ਕਰੀਬੀ ਵਜੋਂ ਕੰਮ ਕੀਤਾ।
ਮੁੱਖ ਮੰਤਰੀ ਵੱਲੋਂ ਰਸ਼ਪਾਲ ਮਲਹੋਤਰਾ ਦੀ ਮੌਤ ’ਤੇ ਦੁੱਖ ਦਾ ਪ੍ਰਗਟਾਵਾ
ਚੰਡੀਗੜ੍ਹ: ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੈਂਟਰ ਫਾਰ ਰਿਸਰਚ ਇਨ ਰੂਰਲ ਐਂਡ ਇੰਡਸਟ੍ਰੀਅਲ ਡਿਵੈਲਪਮੈਂਟ ਦੇ ਬਾਨੀ ਅਤੇ ਵਿਦਵਾਨ ਰਸ਼ਪਾਲ ਮਲਹੋਤਰਾ (84) ਦੀ ਮੌਤ ’ਤੇ ਦੁੱਖ ਪ੍ਰਗਟ ਕੀਤਾ ਹੈ। ਲਗਪਗ ਹਫ਼ਤੇ ਤੋਂ ਕਰੋਨਾ ਨਾਲ ਜੂਝ ਰਹੇ ਰਸ਼ਪਾਲ ਮਲਹੋਤਰਾ ਦੀ ਅੱਜ ਸਵੇਰੇ ਇੱਕ ਨਿੱਜੀ ਹਸਪਤਾਲ ਵਿੱਚ ਮੌਤ ਹੋ ਗਈ। ਉਨ੍ਹਾਂ ਦੇ ਪਰਿਵਾਰ ਵਿੱਚ ਪਤਨੀ, ਪੁੱਤਰ ਤੇ ਧੀ ਹਨ। ਮੁੱਖ ਮੰਤਰੀ ਨੇ ਸ਼ੋਕ ਸੰਦੇਸ਼ ਵਿੱਚ ਰਸ਼ਪਾਲ ਮਲਹੋਤਰਾ ਨੂੰ ਸਮਰੱਥ ਪ੍ਰਸ਼ਾਸਕ ਅਤੇ ਚੰਗੇ ਗੁਣਾਂ ਦਾ ਧਾਰਨੀ ਦੱਸਿਆ, ਜਿਨ੍ਹਾਂ ਉੱਤਰੀ ਖੇਤਰ ਦੇ ਸਮਾਜਿਕ ਅਤੇ ਆਰਥਿਕ ਵਿਕਾਸ ਵਿਚ ਅਹਿਮ ਭੂਮਿਕਾ ਨਿਭਾਈ। ਪੇਂਡੂ ਵਿਕਾਸ ਅਤੇ ਪੰਚਾਇਤ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਨੇ ਵੀ ਮਲਹੋਤਰਾ ਦੇ ਦੇਹਾਂਤ ’ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। -ਟਨਸ