ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ, 3 ਜਨਵਰੀ
ਸ਼੍ਰੋਮਣੀ ਅਕਾਲੀ ਦਲ (ਟਕਸਾਲੀ) ਦੇ ਪ੍ਰਧਾਨ ਰਣਜੀਤ ਸਿੰਘ ਬ੍ਰਹਮਪੁਰਾ ਨੇ ਮੋਦੀ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਕਿਸਾਨਾਂ ਨਾਲ ਹੋਣ ਵਾਲੀ ਭਲਕੇ ਦੀ ਮੀਟਿੰਗ ਵਿੱਚ ਵਿਵਾਦਤ ਤਿੰਨੇ ਖੇਤੀ ਕਾਨੂੰਨ ਰੱਦ ਕੀਤੇ ਜਾਣ ਤਾਂ ਜੋ ਸੁਖਾਵਾਂ ਮਾਹੌਲ ਬਣ ਸਕੇ। ਸ੍ਰੀ ਬ੍ਰਹਮਪੁਰਾ ਨੇ ਕਿਹਾ ਕਿ ਖੇਤੀ ਕਾਨੂੰਨਾਂ ਕਾਰਨ ਪਿਛਲੇ 4-5 ਮਹੀਨਿਆਂ ਤੋਂ ਸੂਬੇ ਅਤੇ ਦੇਸ਼ ਦੀ ਸਥਿਤੀ ਅਸ਼ਾਂਤ ਬਣੀ ਹੋਈ ਹੈ। ਉਨ੍ਹਾਂ ਭਾਜਪਾ ਆਗੂਆਂ ਨੂੰ ਕਿਹਾ ਕਿ ਤਣਾਅ ਭਰੇ ਮਾਹੌਲ ਨੂੰ ਠੀਕ ਕਰਨ ਲਈ ਸਹੀ ਰਣਨੀਤੀ ਅਪਣਾਉਣੀ ਚਾਹੀਦੀ ਹੈ। ਇਹ ਮਸਲਾ ਕਿਸਾਨਾਂ ਤੇ ਮਜ਼ਦੂਰਾਂ ਦੀਆਂ ਮੁਸ਼ਕਲਾਂ ਨਾਲ ਜੁੜਿਆ ਹੋਇਆ ਹੈ। ਹੁਣ ਤਕ ਸੰਘਰਸ਼ ਦੌਰਾਨ 50 ਤੋਂ ਵੱਧ ਕਿਸਾਨਾਂ, ਮਜ਼ਦੂਰਾਂ ਦੀਆਂ ਮੌਤਾਂ ਹੋ ਚੁੱਕੀਆਂ ਹਨ ਪਰ ਨਾ ਤਾਂ ਮੋਦੀ ਸਰਕਾਰ ਅਤੇ ਨਾ ਹੀ ਭਾਜਪਾ ਆਗੂਆਂ ਨੇ ਵਿਛੋੜਾ ਦੇ ਗਏ ਅੰਨਦਾਤੇ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਹਨ।