ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 29 ਅਪਰੈਲ
ਭਾਰਤੀ ਕਮਿਊਨਿਸਟ ਪਾਰਟੀ ਦੇ ਸੀਨੀਅਰ ਨੇਤਾ ਡਾ. ਜੋਗਿੰਦਰ ਦਿਆਲ ਦਾ ਅੱਜ ਲੰਬੀ ਬਿਮਾਰੀ ਮਗਰੋਂ ਦੇਹਾਂਤ ਹੋ ਗਿਆ ਹੈ। ਕੌਮੀ ਕਮਿਊਨਿਸਟ ਸਫ਼ਾਂ ’ਚ ‘ਟਾਈਗਰ’ ਵਜੋਂ ਜਾਣੇ ਜਾਂਦੇ ਡਾ. ਜੋਗਿੰਦਰ ਦਿਆਲ ਦਾ ਵਿਦਿਆਰਥੀ ਅਤੇ ਕਿਸਾਨੀ ਲਹਿਰ ’ਚ ਵੱਡਾ ਯੋਗਦਾਨ ਰਿਹਾ ਹੈ। 79 ਵਰ੍ਹਿਆਂ ਦੇ ਡਾ. ਦਿਆਲ ਹੁਣ ਵੀ ਸੀਪੀਆਈ ਦੇ ਕੰਟਰੋੋਲ ਕਮਿਸ਼ਨ ਦੇ ਮੈਂਬਰ ਸਨ। ਉਨ੍ਹਾਂ ਦੇ ਪਰਿਵਾਰ ’ਚ ਪਤਨੀ ਕਮਲਜੀਤ ਕੌਰ, ਬੇਟੀਆਂ ਨੀਨਾ ਅਤੇ ਜੈਸਮੀਨ ਹਨ। ਉਨ੍ਹਾਂ ਦਾ ਸਸਕਾਰ ਭਲਕੇ (30 ਅਪਰੈਲ) ਪਿੰਡ ਕੁਲਗਰਾਂ ਨੇੜੇ ਭਾਖੜਾ ਡੈਮ ਵਿਖੇ ਦੁਪਹਿਰ 12 ਵਜੇ ਹੋਵੇਗਾ। ਪਟਿਆਲਾ ਦੇ ਮੈਡੀਕਲ ਕਾਲਜ ਤੋਂ ਡਾਕਟਰੀ ਮਗਰੋਂ ਉਨ੍ਹਾਂ ਉਚੇਰੀ ਡਿਗਰੀ ਅਲੀਗੜ੍ਹ ਮੈਡੀਕਲ ਕਾਲਜ ਤੋਂ ਕੀਤੀ। ਵਿਦਿਆਰਥੀ ਜੀਵਨ ਦੌਰਾਨ ਹੀ ਉਹ ਆਲ ਇੰਡੀਆ ਸਟੂਡੈਂਟਸ ਫੈਡਰੇਸ਼ਨ ’ਚ ਕੰਮ ਕਰਨ ਲੱਗ ਪਏ ਸਨ ਅਤੇ ਛੇਤੀ ਹੀ ਉਹ ਇਸ ਦੇ ਪ੍ਰਧਾਨ ਬਣ ਗਏ ਸਨ। ਉਨ੍ਹਾਂ ਨਾਗਪੁਰ, ਹੈਦਰਾਬਾਦ, ਬਨਾਰਸ, ਲਖਨਊ ਯੂਨੀਵਰਸਿਟੀ ਆਦਿ ’ਚ ਵਿਦਿਆਰਥੀ ਅੰਦੋਲਨਾਂ ਦੀ ਅਗਵਾਈ ਕੀਤੀ ਜਿਸ ਕਾਰਨ ਉਨ੍ਹਾਂ ਨੂੰ ਕਈ ਵਾਰ ਜੇਲ੍ਹ ਵੀ ਜਾਣਾ ਪਿਆ। ਉਨ੍ਹਾਂ ਦੀ ਅਗਵਾਈ ਹੇਠ ਸੰਸਦ ਕੋਲ ਦੋ ਲੱਖ ਵਿਦਿਆਰਥੀਆਂ ਨੇ ਵਿਸ਼ਾਲ ਪ੍ਰਦਰਸ਼ਨ ਕੀਤਾ ਸੀ। ਉਹ ਕਾਮਰੇਡ ਭੁਪੇਸ਼ ਗੁਪਤਾ, ਡਾ. ਲੋਹੀਆ, ਰਾਜ ਨਾਰਾਇਣ, ਮਧੂ ਲਿਮਯੇ ਅਤੇ ਸੀ ਕੇ ਚੰਦਰਪਨ ਨਾਲ ਤਿਹਾੜ ਜੇਲ੍ਹ ਵਿਚ ਵੀ ਰਹੇ। ਸੀਪੀਆਈ ਦੇ ਕੌਮੀ ਸਕੱਤਰ ਅਤੁਲ ਕੁਮਾਰ ਅੰਜਾਨ ਨੇ ਦੱਸਿਆ ਕਿ ਡਾ. ਦਿਆਲ ਦੀ ਅਗਵਾਈ ਹੇਠ ਕਈ ਸਫਲ ਘੋਲ ਲੜੇ ਗਏ ਜਿਸ ਨੇ ਖੱਬੇ ਪੱਖੀ ਲਹਿਰ ਨੂੰ ਵਧੇਰੇ ਤਾਕਤ ਵੀ ਬਖ਼ਸ਼ੀ। ਉਨ੍ਹਾਂ ਦੇ ਨੇੜਲੇ ਸਾਥੀ ਰਹੇ ਸੀਪੀਆਈ ਦੇ ਸਾਬਕਾ ਸਕੱਤਰ ਅਤੇ ਸਾਬਕਾ ਵਿਧਾਇਕ ਕਾਮਰੇਡ ਹਰਦੇਵ ਅਰਸ਼ੀ ਨੇ ਦੱਸਿਆ ਕਿ ਡਾ. ਦਿਆਲ ਬੇਬਾਕੀ ਨਾਲ ਗੱਲ ਰੱਖਣ ਕਰਕੇ ‘ਟਾਈਗਰ’ ਵਜੋਂ ਜਾਣੇ ਜਾਂਦੇ ਸਨ।
ਆਗੂਆਂ ਨੇ ਦੇਹਾਂਤ ’ਤੇ ਅਫ਼ਸੋਸ ਪ੍ਰਗਟਾਇਆ
ਸੀਪੀਆਈ ਦੇ ਸਕੱਤਰ ਬੰਤ ਸਿੰਘ ਬਰਾੜ ਅਤੇ ਸਾਬਕਾ ਸਕੱਤਰ ਹਰਦੇਵ ਅਰਸ਼ੀ ਨੇ ਡਾ. ਦਿਆਲ ਦੇ ਦੇਹਾਂਤ ਨੂੰ ਖੱਬੇ-ਪੱਖੀ ਲਹਿਰ ਲਈ ਵੱਡਾ ਘਾਟਾ ਦੱਸਿਆ ਹੈ। ਉਨ੍ਹਾਂ ਡਾ. ਦਿਆਲ ਦੇ ਕਿਸਾਨ ਅਤੇ ਵਿਦਿਆਰਥੀ ਲਹਿਰ ’ਚ ਪਾਏ ਯੋਗਦਾਨ ਨੂੰ ਯਾਦ ਕਰਦਿਆਂ ਕਿਹਾ ਕਿ ਸਮੁੱਚਾ ਸਮਾਜ ਉਨ੍ਹਾਂ ਦਾ ਹਮੇਸ਼ਾ ਰਿਣੀ ਰਹੇਗਾ। ਸਰਬ ਭਾਰਤੀ ਪ੍ਰਗਤੀਸ਼ੀਲ ਲੇਖਕ ਸੰਘ ਦੇ ਜਨਰਲ ਸਕੱਤਰ ਸੁਖਦੇਵ ਸਿੰਘ ਸਿਰਸਾ ਨੇ ਕਿਹਾ ਕਿ ਡਾ. ਦਿਆਲ ਦੇ ਚਲਾਣੇ ਨਾਲ ਖੱਬੇ-ਪੱਖੀ ਲਹਿਰ ਨੂੰ ਨਾ ਪੂਰਿਆ ਜਾਣ ਵਾਲਾ ਘਾਟਾ ਪਿਆ ਹੈ। ਸੀਪੀਆਈ ਦੇ ਸਾਬਕਾ ਸਕੱਤਰ ਜਗਰੂਪ ਸਿੰਘ, ਕਿਸਾਨ ਸਭਾ ਦੇ ਮੀਤ ਪ੍ਰਧਾਨ ਭੁਪਿੰਦਰ ਸਾਂਬਰ, ਅਮਰਜੀਤ ਆਂਸਲ ਅਤੇ ਅਵਤਾਰ ਪੌਲ (ਪੰਜਾਬ ਬੁੱਕ ਸੈਂਟਰ ਚੰਡੀਗੜ੍ਹ) ਅਤੇ ਬਲਵਿੰਦਰ ਕੌਰ ਗਰੇਵਾਲ (ਰਾਮਪੁਰਾ) ਸਮੇਤ ਹੋਰਾਂ ਨੇ ਡੂੰਘਾ ਅਫਸੋਸ ਜ਼ਾਹਿਰ ਕੀਤਾ ਹੈ।