ਜੋਗਿੰਦਰ ਸਿੰਘ ਮਾਨ/ ਸ਼ੰਗਾਰਾ ਸਿੰਘ ਅਕਲੀਆ
ਮਾਨਸਾ/ ਜੋਗਾ, 17 ਫਰਵਰੀ
ਨਗਰ ਪੰਚਾਇਤ ਜੋਗਾ ਦੀਆਂ ਵੋਟਾਂ ਦੀ ਮਾਨਸਾ ਦੇ ਨਹਿਰੂ ਮੈਮੋਰੀਅਲ ਸਰਕਾਰੀ ਕਾਲਜ ਵਿੱਚ ਹੋਈ ਗਿਣਤੀ ਦੌਰਾਨ ਨਿਕਲੇ ਨਤੀਜੇ ਵੇਲੇ ਉਸ ਸਮੇਂ ਇਤਿਹਾਸ ਰਚਿਆ ਗਿਆ, ਜਦੋਂ 13 ’ਚੋਂ 12 ਸੀਟਾਂ ਭਾਰਤੀ ਕਮਿਊਨਿਸਟ ਪਾਰਟੀ ਦੀ ਝੋਲੀ ਪਈਆਂ, ਜਦੋਂ ਕਿ ਸੱਤਾਧਾਰੀ ਕਾਂਗਰਸ ਨੂੰ ਸਿਰਫ਼ ਇੱਕ ਸੀਟ ਹਾਸਲ ਹੋਈ। ਜੇਤੂ ਧਿਰ ਨੇ ਆਪਣੀ ਜਿੱਤ ਦਾ ਸਿਹਰਾ ਦਿੱਲੀ ਦੇ ਕਿਸਾਨ ਅੰਦੋਲਨ ਨੂੰ ਦੱਸਿਆ। ਦਿਲਚਸਪ ਗੱਲ ਹੈ ਕਿ ਨਗਰ ਕੌਸਲ ਜੋਗਾ ’ਤੇ ਪਹਿਲਾਂ ਵੀ ਸੀਪੀਆਈ ਦਾ ਕਬਜ਼ਾ ਸੀ, ਜਿਨ੍ਹਾਂ ਨੇ ਉਸ ਵੇਲੇ 13 ’ਚੋਂ 9 ਸੀਟਾਂ ਜਿੱਤੀਆਂ ਸਨ। ਨਤੀਜਿਆਂ ਮੁਤਾਬਕ ਜੋਗਾ ਦੇ ਵਾਰਡ ਨੰਬਰ-1 ਤੋਂ ਅੰਗਰੇਜ਼ ਕੌਰ, ਵਾਰਡ-2 ਤੋਂ ਗੁਰਜੰਟ ਸਿੰਘ, ਵਾਰਡ-3 ਤੋਂ ਗੁਰਚਰਨ ਸਿੰਘ, 4 ਤੋਂ ਗੁਰਮੇਲ ਕੌਰ, 5 ਤੋਂ ਗੁਰਤੇਜ ਸਿੰਘ, 6 ਤੋਂ ਨਿੰਦਰਪਾਲ ਸਿੰਘ, 7 ਤੋਂ ਰਾਜਦੀਪ ਕੌਰ, 8 ਤੋਂ ਮਲਕੀਤ ਸਿੰਘ, 10 ਤੋਂ ਗੁਰਮੀਤ ਸਿੰਘ, 11 ਤੋਂ ਰਾਜਵੰਤ ਕੌਰ, 12 ਤੋਂ ਮਹਿੰਦਰ ਸਿੰਘ, ਅਤੇ 13 ਤੋਂ ਗੁਰਜੀਤ ਕੌਰ ਨੂੰ ਜਿੱਤ ਹਾਸਲ ਹੋਈ ਹੈ, ਜਦੋਂ ਕਿ ਵਾਰਡ ਨੰਬਰ-9 ਤੋਂ ਕਾਂਗਰਸੀ ਉਮੀਦਵਾਰ ਪਰਮਜੀਤ ਕੌਰ ਜੇਤੂ ਰਹੇ। ਨਗਰ ਪੰਚਾਇਤ ਜੋਗਾ ਦੇ ਆਗੂ ਗੁਰਮੀਤ ਸਿੰਘ ਜੋਗਾ ਨੇ ਜਿੱਤ ਦਾ ਸਿਹਰਾ ਲੋਕਾਂ ਸਿਰ ਬੰਨ੍ਹਦਿਆਂ ਕਿਹਾ ਕਿ ਜਨਤਾ ਨੇ ਵਿਕਾਸ ਕੰਮਾਂ ਨੂੰ ਤਰਜੀਹ ਦਿੱਤੀ ਹੈੈ। ਜ਼ਿਕਰਯੋਗ ਹੈ ਕਿ ਜੋਗਾ ਪਰਜਾ ਮੰਡਲ ਲਹਿਰ ਦੇ ਮੋਢੀ ਮਰਹੂਮ ਕਾਮਰੇਡ ਜੰਗੀਰ ਸਿੰਘ ਦਾ ਪਿੰਡ ਹੈ।