ਨਿੱਜੀ ਪੱਤਰ ਪ੍ਰੇਰਕ
ਜਲੰਧਰ, 7 ਜੂਨ
ਸੀਪੀਆਈ ਜ਼ਿਲ੍ਹਾ ਜਲੰਧਰ ਦੀ ਮੀਟਿੰਗ ਉੱਘੇ ਸੁਤੰਤਰਤਾ ਸੈਨਾਨੀ ਮਾਸਟਰ ਹਰੀ ਸਿੰਘ ਧੂਤ ਭਵਨ ਬਸ ਸਟੈਂਡ ਜਲੰਧਰ ਵਿੱਚ ਹੋਈ। ਇਸ ਮੌਕੇ ਸੀਪੀਆਈ ਪੰਜਾਬ ਦੇ ਮੀਤ ਸਕੱਤਰ ਪ੍ਰਿਥੀਪਾਲ ਸਿੰਘ ਮਾੜੀਮੇਘਾ ਨੇ ਕਿਹਾ ਕਿ ਕੈਪਟਨ ਦੀ ਸਰਕਾਰ ਨੇ ਕੰਮ ਮੰਗਦੇ ਬੇਰੁਜ਼ਗਾਰਾਂ ਨੂੰ ਰੁਜ਼ਗਾਰ ਨਹੀਂ ਦਿੱਤਾ। ਚੋਣਾਂ ਵੇਲੇ ਬੜੇ ਵੱਡੇਵਾਅਦੇ ਕੀਤੇ ਸਨ ਕਿ ਸਰਕਾਰ ਬਣਦਿਆਂ ਸਾਰ ਹਰ ਇੱਕ ਨੌਜਵਾਨ ਨੂੰ ਰੁਜ਼ਗਾਰ ਦੇ ਦਿੱਤਾ ਜਾਏਗਾ ਪਰ ਜੋ ਰਿਪੋਰਟਾਂ ਹਨ ਕਿ ਮੁੱਖ ਮੰਤਰੀ ਨੇ ਸਿਰਫ਼ ਵਿਧਾਇਕਾਂ ਤੇ ਆਪਣੇ ਭਾਈਚਾਰੇ ਨੂੰ ਵੱਡੇ ਪੱਧਰ ਦੀਆਂ ਸਰਕਾਰੀ ਨੌਕਰੀਆਂ ਦੇ ਕੇ ਨਿਵਾਜਿਆ ਹੈ। ਮਾੜੀਮੇਘਾ ਨੇ ਕਿਹਾ ਕਿ ਕੇਂਦਰ ਦੀ ਸਰਕਾਰ ਵੱਲੋਂ ਜੋ ਪੋਸਟ ਮੈਟ੍ਰਿਕ ਸਕੀਮ ਅਧੀਨ ਐੱਸਸੀ ਵਿਦਿਆਰਥੀਆਂ ਨੂੰ ਵਜ਼ੀਫੇ ਦੇ ਤੌਰ ’ਤੇ ਦੇਣ ਵਾਸਤੇ ਪੰਜਾਬ ਸਰਕਾਰ ਨੂੰ ਪੈਸਾ ਭੇਜਿਆ ਹੈ ਉਹ ਅੱਗੇ ਵਿਦਿਆਰਥੀਆਂ ਨੂੰ ਨਹੀਂ ਦਿੱਤੇ ਜਾ ਰਹੇ। ਉਨ੍ਹਾਂ ਕਿਹਾ ਕਿ ਪਹਿਲਾਂ ਅਕਾਲੀ-ਭਾਜਪਾ ਸਰਕਾਰ ਨੇ ਉਹ ਪੈਸਾ ਇਧਰ ਉਧਰ ਵਰਤ ਕੇ ਖਾ ਲਏ ਤੇ ਹੁਣ ਕੈਪਟਨ ਸਰਕਾਰ ਨੇ ਵੀ ਇਸੇ ਤਰ੍ਹਾਂ ਪੰਜ ਸਾਲ ਲੰਘਾ ਦਿੱਤੇ ਹਨ। ਉਨ੍ਹਾਂ ਨੂੰ ਕੋਈ ਵੀ ਵਜੀਫ਼ਾ ਨਹੀਂ ਦਿੱਤਾ ਗਿਆ। ਉਨ੍ਹਾਂ ਪਾਰਟੀ ਵੱਲੋਂ ਮੰਗ ਕੀਤੀ ਕਿ ਪੰਜਾਬ ਸਰਕਾਰ ਫੌਰੀ ਤੌਰ ’ਤੇ ਵਜੀਫ਼ੇ ਭੇਜੇ। ਸੀਪੀਆਈ ਜਲੰਧਰ ਜ਼ਿਲ੍ਹੇ ਦੇ ਸਕੱਤਰ ਐਡਵੋਕੇਟ ਰਜਿੰਦਰ ਮੰਡ ਨੇ ਕਿਹਾ ਕਿ ਮੋਦੀ ਦੀ ਸਰਕਾਰ ਨੇ ਪਿਛਲੇ ਸਾਲ ਇੱਕ ਪਾਸੇ ਲੋਕ ਕਰੋਨਾ ਬਿਮਾਰੀ ਕਾਰਨ ਅੰਦਰੀਂ ਡੱਕੇ ਸਨ ਅਤੇ ਦੂਜੇ ਪਾਸੇ ਮਜ਼ਦੂਰ ਵਿਰੋਧੀ ਕਾਨੂੰਨ ਬਣਾ ਦਿੱਤੇ ਸਨ। ਜਿਸ ਵਿਚ ਉਨ੍ਹਾਂ ਨੇ ਕੰਮ ਦਿਹਾੜੀ ਸੀਮਾ ਅੱਠ ਘੰਟੇ ਤੋਂ ਵਧਾ ਕੇ ਬਾਰਾਂ ਘੰਟੇ ਕੀਤੀ ਅਤੇ ਹੋਰ ਵੀ ਕਈ ਕਿਸਮ ਦੇ ਕਾਨੂੰਨ ਵਿੱਚ ਵਾਧੇ ਕੀਤੇ ਹਨ ਜਿਸ ਦੇ ਨਾਲ ਮਾਲਕਾਂ ਨੂੰ ਵਧੇਰੇ ਅਧਿਕਾਰ ਦੇ ਦਿੱਤੇ ਅਤੇ ਮਜ਼ਦੂਰਾਂ ਦੇ ਪਹਿਲੇ ਅਧਿਕਾਰ ਖੋਹ ਲਏ ਗਏ। ਹੁਣ ਪੰਜਾਬ ਦੀ ਕੈਪਟਨ ਸਰਕਾਰ ਇਹ ਕਾਨੂੰਨ ਪੰਜਾਬ ਵਿੱਚ ਲਾਗੂ ਕਰਨ ਨੂੰ ਬੜੀ ਕਾਹਲੀ ਹੈ।