ਨਵੀਂ ਦਿੱਲੀ, 5 ਜਨਵਰੀ
ਭਾਰਤ ਵਿਚ ਕੋਵਿਡ ਦੇ ਐਕਟਿਵ ਕੇਸ ਘੱਟ ਕੇ 2.31 ਲੱਖ ਰਹਿ ਗਏ ਹਨ। ਇਹ ਹੁਣ ਤੱਕ ਸਾਹਮਣੇ ਆਏ ਕੁੱਲ ਕੇਸਾਂ ਦਾ 2.23 ਪ੍ਰਤੀਸ਼ਤ ਹਨ। ਸਿਹਤ ਮੰਤਰਾਲੇ ਮੁਤਾਬਕ ਰੋਜ਼ਾਨਾ ਸਿਹਤਯਾਬ ਹੋ ਰਹੇ ਮਰੀਜ਼ਾਂ ਦੀ ਗਿਣਤੀ ਨਵੇਂ ਕੇਸਾਂ ਨਾਲੋਂ ਲਗਾਤਾਰ ਵਧ ਰਹੀ ਹੈ। ਪਿਛਲੇ 24 ਘੰਟਿਆਂ ਦੌਰਾਨ 29,091 ਲੋਕ ਠੀਕ ਹੋਏ ਹਨ ਜਦਕਿ ਨਵੇਂ 16,375 ਕੇਸ ਸਾਹਮਣੇ ਆਏ ਹਨ। ਤੰਦਰੁਸਤ ਹੋਣ ਵਾਲੇ ਲੋਕਾਂ ਦੀ ਗਿਣਤੀ ਇਕ ਕਰੋੜ ਹੋਣ ਜਾ ਰਹੀ ਹੈ। ਪਿਛਲੇ ਛੇ ਮਹੀਨਿਆਂ ਦੌਰਾਨ ਅੱਜ ਇਕ ਦਿਨ ਵਿਚ ਸਭ ਤੋਂ ਘੱਟ ਕੇਸ (16375) ਸਾਹਮਣੇ ਆਏ ਹਨ। ਹੁਣ ਤੱਕ ਕੁੱਲ 1,03,56,844 ਕੇਸ ਸਾਹਮਣੇ ਆ ਚੁੱਕੇ ਹਨ। ਪਿਛਲੇ ਚੌਵੀ ਘੰਟਿਆਂ ਦੌਰਾਨ ਦੇਸ਼ ਵਿਚ 201 ਮੌਤਾਂ ਹੋਈਆਂ ਹਨ ਤੇ ਮ੍ਰਿਤਕਾਂ ਦੀ ਕੁੱਲ ਗਿਣਤੀ 1,49,850 ਹੋ ਗਈ ਹੈ। ਰਿਕਵਰੀ ਦਰ 96.32 ਪ੍ਰਤੀਸ਼ਤ ਹੋ ਗਈ ਹੈ ਤੇ ਮੌਤ ਦਰ 1.45 ਪ੍ਰਤੀਸ਼ਤ ਹੈ। ਲਗਾਤਾਰ 15ਵੇਂ ਦਿਨ ਐਕਟਿਵ ਕੇਸ ਤਿੰਨ ਲੱਖ ਤੋਂ ਘੱਟ ਰਹੇ ਹਨ। ਆਈਸੀਐਮਆਰ ਮੁਤਾਬਕ ਹੁਣ ਤੱਕ 17,65,31,997 ਟੈਸਟ ਕੀਤੇ ਜਾ ਚੁੱਕੇ ਹਨ। 201 ਵਿਚੋਂ 29 ਮੌਤਾਂ ਮਹਾਰਾਸ਼ਟਰ ਵਿਚ, 25 ਪੱਛਮੀ ਬੰਗਾਲ ’ਚ, 19 ਕੇਰਲਾ ਵਿਚ ਤੇ 12-12 ਦਿੱਲੀ ਤੇ ਛੱਤੀਸਗੜ੍ਹ ਵਿਚ ਹੋਈਆਂ ਹਨ। -ਪੀਟੀਆਈ
ਪੰਜਾਬ: ਕਈ ਮਹੀਨਿਆਂ ਮਗਰੋਂ ਮੌਤ ਦਾ ਅੰਕੜਾ ਕਾਫ਼ੀ ਘੱਟ
ਚੰਡੀਗੜ੍ਹ (ਟਨਸ): ਪੰਜਾਬ ’ਚ ਕਈ ਮਹੀਨਿਆਂ ਮਗਰੋਂ ਕਰੋਨਾ ਪੀੜਤਾਂ ਦੀ ਮੌਤ ਦਾ ਅੰਕੜਾ ਕਾਫ਼ੀ ਘੱਟ ਰਿਹਾ ਹੈ। ਲੰਘੇ 24 ਘੰਟਿਆਂ ਦੌਰਾਨ ਸੂਬੇ ਦੇ ਹੁਸ਼ਿਆਰਪੁਰ, ਲੁਧਿਆਣਾ, ਮੁਹਾਲੀ ਅਤੇ ਪਟਿਆਲਾ ਵਿੱਚ ਇਸ ਵਾਇਰਸ ਨੇ ਇੱਕ-ਇੱਕ ਵਿਅਕਤੀ ਦੀ ਜਾਨ ਲਈ ਹੈ। ਇੱਕ ਦਿਨ ਦੌਰਾਨ 211 ਨਵੇਂ ਮਾਮਲੇ ਸਾਹਮਣੇ ਆਏ ਹਨ ਤੇ 293 ਵਿਅਕਤੀ ਠੀਕ ਵੀ ਹੋਏ ਹਨ।