ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 28 ਫਰਵਰੀ
ਪੰਜਾਬ ਦੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਆਖਿਆ ਕਿ ਸੂਬੇ ਵਿਚ ਕੋਵਿਡ-19 ਟੀਕਾਕਰਨ ਦਾ ਤੀਜਾ ਪੜਾਅ ਪਹਿਲੀ ਮਾਰਚ ਤੋਂ ਸ਼ੁਰੂ ਹੋ ਰਿਹਾ ਹੈ, ਜਿਸ ਵਿੱਚ 60 ਸਾਲ ਤੋਂ ਵੱਧ ਉਮਰ ਦੇ ਬਜ਼ੁਰਗਾਂ ਅਤੇ ਬਿਮਾਰੀਆਂ ਤੋਂ ਪੀੜਤ 45-59 ਸਾਲ ਤੱਕ ਦੀ ਉਮਰ ਦੇ ਵਿਅਕਤੀਆਂ ਦਾ ਟੀਕਾਕਰਨ ਕੀਤਾ ਜਾਵੇਗਾ। ਇਸ ਪੜਾਅ ਵਿੱਚ ਪਹਿਲਾਂ ਰਜਿਸਟ੍ਰੇਸ਼ਨ ਕਰਵਾਉਣੀ ਲਾਜ਼ਮੀ ਨਹੀਂ ਹੈ ਅਤੇ ਟੀਕਾ ਲਗਵਾਉਣ ਦੇ ਚਾਹਵਾਨ ਸਿੱਧੇ ਪਹੁੰਚ ਕਰ ਸਕਦੇ ਹਨ। ਉਨ੍ਹਾਂ ਕਿਹਾ ਕਿ ਸਰਕਾਰੀ ਹਸਪਤਾਲਾਂ ਵਿੱਚ ਟੀਕਾ ਮੁਫ਼ਤ ਲਾਇਆ ਜਾਵੇਗਾ ਜਦੋਂ ਕਿ ਪ੍ਰਾਈਵੇਟ ਹਸਪਤਾਲਾਂ ਨੂੰ ਟੀਕੇ ਦੀ ਪ੍ਰਤੀ ਖੁਰਾਕ ਪਿੱਛੇ 150 ਰੁਪਏ ਵਸੂਲਣ ਲਈ ਅਧਿਕਾਰਤ ਕੀਤਾ ਗਿਆ ਹੈ। ਉਹ ਸੇਵਾ ਪ੍ਰਬੰਧਨ ਖਰਚੇ ਵਜੋਂ 100 ਰੁਪਏ ਵਾਧੂ ਵਸੂਲ ਸਕਦੇ ਹਨ।