ਪੱਤਰ ਪ੍ਰੇਰਕ/ਨਿੱਜੀ ਪੱਤਰ ਪ੍ਰੇਰਕ
ਮੌੜ ਮੰਡੀ, 21 ਜੂਨ
ਮੌੜ ਖੁਰਦ ਵਿੱਚ ਅੱਜ ਇੱਕ ਵਿਅਕਤੀ ਨੇ ਜ਼ਮੀਨੀ ਵਿਵਾਦ ਕਾਰਨ ਆਪਣੇ ਚਾਚੇ ਦੇ ਲੜਕੇ ਨੂੰ ਗੋਲੀ ਮਾਰ ਕੇ ਕਤਲ ਕਰ ਦਿੱਤਾ। ਮ੍ਰਿਤਕ ਦੀ ਪਛਾਣ ਪਰਮਪ੍ਰੀਤ ਸਿੰਘ ਗੈਰੀ ਵਜੋਂ ਹੋਈ ਹੈ। ਪਰਮਪ੍ਰੀਤ ਦੀ ਮਾਤਾ ਰਮਨਜੀਤ ਕੌਰ ਨੇ ਦੱਸਿਆ ਕਿ ਅੱਜ ਜ਼ਮੀਨ ਦੀ ਵੱਟ ਪਵਾਉਣ ਬਹਾਨੇ ਉਨ੍ਹਾਂ ਨੂੰ ਮੌੜ ਖੁਰਦ ਬੁਲਾਇਆ ਗਿਆ ਸੀ। ਬਿਨਾਂ ਕਿਸੇ ਰੌਲੇ ਰੱਪੇ ਦੇ ਸਾਰਾ ਕੰਮ ਪੂਰਾ ਹੋ ਗਿਆ ਸੀ ਪਰ ਜਦੋਂ ਉਹ ਵਾਪਸ ਜਾਣ ਲੱਗੇ ਤਾਂ ਪਰਮਪ੍ਰੀਤ ਦੇ ਤਾਏ ਦਾ ਲੜਕਾ ਰਵੀ ਇੰਦਰ ਆਪਣੇ ਸਾਥੀਆਂ ਨਾਲ ਉੱਥੇ ਪੁੱਜ ਗਿਆ। ਇਸ ਦੌਰਾਨ ਉਹ ਪਰਮਪ੍ਰੀਤ ਨੂੰ ਗੋਲੀ ਮਾਰ ਕੇ ਫ਼ਰਾਰ ਹੋ ਗਏ। ਮਗਰੋਂ ਪਰਮਪ੍ਰੀਤ ਨੂੰ ਨੇੜਲੇ ਨਿੱਜੀ ਹਸਪਤਾਲ ਲਿਜਾਇਆ ਗਿਆ, ਜਿੱਥੋਂ ਡਾਕਟਰਾਂ ਨੇ ਉਸ ਨੂੰ ਬਠਿੰਡਾ ਹਸਪਤਾਲ ਰੈਫਰ ਕਰ ਦਿੱਤਾ। ਜਦੋਂ ਬਠਿੰਡਾ ਪਹੁੰਚੇ ਤਾਂ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਥਾਣਾ ਮੁਖੀ ਬਲਵਿੰਦਰ ਸਿੰਘ ਢਿੱਲੋਂ ਨੇ ਕਿਹਾ ਕਿ ਮ੍ਰਿਤਕ ਦੇ ਵਾਰਸਾਂ ਦੇ ਬਿਆਨ ਲੈਣ ਤੋਂ ਬਾਅਦ ਅਗਲੀ ਕਾਰਵਾਈ ਅਮਲ ’ਚ ਲਿਆਂਦੀ ਜਾਵੇਗੀ।