ਸਰਬਜੀਤ ਸਿੰਘ ਭੰਗੂ
ਪਟਿਆਲਾ, 24 ਮਈ
ਕਤਲ ਮਾਮਲੇ ’ਚ ਜੇਲ੍ਹ ਗਏ ਕਾਂਗਰਸੀ ਨੇਤਾ ਨਵਜੋਤ ਸਿੱਧੂ ਦੀ ਖੁਰਾਕ ਸਬੰਧੀ ਡਾਕਟਰਾਂ ਵੱਲੋਂ ਤਿਆਰ ਕੀਤੀ ਰਿਪੋਰਟ ’ਤੇ ਅੱਜ ਅਦਾਲਤ ਨੇ ਮੋਹਰ ਲਾ ਦਿੱਤੀ ਹੈ। ਇਸ ਤਹਿਤ ਜੇਲ੍ਹ ਪ੍ਰਸ਼ਾਸਨ ਡਾਕਟਰਾਂ ਵੱਲੋਂ ਸੁਝਾਈ ਡਾਈਟ ਦੇ ਪ੍ਰਬੰਧ ਲਈ ਪਾਬੰਦ ਹੋਵੇਗਾ। ਜ਼ਿਕਰਯੋਗ ਹੈ ਕਿ ਕਾਂਗਰਸ ਨੇਤਾ ਨੇ ਪਹਿਲੇ ਹੀ ਦਿਨ ਆਪਣੇ ਵਕੀਲ ਐੱਚਪੀਐੱਸ ਵਰਮਾ ਰਾਹੀਂ ਪਟਿਆਲਾ ਦੇ ਸੀਜੇਐੱਮ ਅਮਿਤ ਮੱਲਹਣ ਦੀ ਅਦਾਲਤ ’ਚ ਕਣਕ ਤੋਂ ਐਲਰਜੀ ਸਣੇ ਸਿਹਤ ਨਾਲ ਜੁੜੇ ਹੋਰ ਮੁੁੱਦੇ ਵੀ ਉਠਾਏ ਸਨ। ਇਸ ਤਹਿਤ ਅਦਾਲਤ ਨੇ ਡਾਕਟਰਾਂ ਦਾ ਬੋਰਡ ਗਠਿਤ ਕਰ ਕੇ 23 ਮਈ ਨੂੰ ਰਿਪੋਰਟ ਦੇਣ ਲਈ ਕਿਹਾ ਸੀ। ਘੋਖ ਮਗਰੋਂ ਇਹ ਰਿਪੋਰਟ ਜੇਲ੍ਹ ਸੁਪਰਡੈਂਟ ਮਨਜੀਤ ਸਿੰਘ ਟਿਵਾਣਾ ਕੋਲ਼ ਭੇਜਦਿਆਂ ਅਦਾਲਤ ਨੇ ਰਿਪੋਰਟ ਵਿਚਲੀਆਂ ਮੱਦਾਂ ਲਾਗੂ ਕਰਨ ਦੀ ਤਾਕੀਦ ਕੀਤੀ ਹੈ। ਪ੍ਰਾਪਤ ਵੇਰਵਿਆਂ ਅਨੁਸਾਰ ਸਿੱੱਧੂ ਨੂੰ ਫੈਟੀ ਲਿਵਰ ਦੇ ਇਲਾਜ ਸਣੇ ਖ਼ੂਨ ਪਤਲਾ ਰੱਖਣ ਲਈ ਤਾਉਮਰ ਦਵਾਈ ਖਾਣ ਅਤੇ ਵਜ਼ਨ ਘਟਾਉਣ ਦੇ ਨਾਲ ਨਾਲ ਕਸਰਤ ਦਾ ਮਸ਼ਵਰਾ ਦਿੱਤਾ ਗਿਆ ਹੈ। ਡਾਕਟਰਾਂ ਨੇ ਉਨ੍ਹਾਂ ਸੰਘਾੜਿਆਂ, ਛੋਲਿਆਂ ਅਤੇ ਸੋਹਲਗ੍ਰਾਮ ਆਦਿ ਤਰ੍ਹਾਂ ਦਾ ਆਟਾ ਰਲਾ ਕੇ ਮਿੱਸੀ ਰੋਟੀ ਖਾਣ ਦਾ ਸੁਝਾਅ ਦਿੱਤਾ ਹੈ। ਸਵੇਰੇੇ ਮਾਰੂ ਚਾਹ, ਐਲੋਵੇਰਾ, ਔਲਾ, ਤੁਲਸੀ, ਪੁਦੀਨਾ ਅਤੇ ਗਾਜਰ ਆਦਿ ਦਾ ਜੂਸ ਸੁਝਾਇਆ ਗਿਆ ਹੈ। ਇਸ ਤੋਂ ਇਲਾਵਾ ਹਰੀਆਂ ਸਬਜ਼ੀਆਂ ਜਾਂ ਫਲਾਂ ਦਾ ਜੂਸ ਆਦਿ ਲੈਣ ਬਾਰੇ ਵੀ ਕਿਹਾ ਗਿਆ ਹੈ। ਵਧੀਕ ਜੇਲ੍ਹ ਸੁਪਰਡੈਂਟ ਗੁਰਚਰਨ ਸਿੰਘ ਧਾਲ਼ੀਵਾਲ਼ ਨੇ ਕਿਹਾ ਕਿ ਸਿਹਤ ਦੀ ਸਮੱਸਿਆ ਦੇ ਚਲਦਿਆਂ ਜੇ ਕਿਸੇ ਬੰਦੀ ਲਈ ਡਾਕਟਰ ਵੱਲੋਂ ਖੁਰਾਕ ਸੁਝਾਈ ਗਈ ਹੋਵੇ, ਤਾਂ ਜੇਲ੍ਹ ਪ੍ਰਸ਼ਾਸਨ ਅਜਿਹੀ ਡਾਈਟ ਮੁਹੱਈਆ ਕਰਵਾਉਣ ਲਈ ਪਾਬੰਦ ਹੁੰਦਾ ਹੈ।