ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 6 ਅਗਸਤ
ਚੰਡੀਗੜ੍ਹ ਦੀ ਜ਼ਿਲ੍ਹਾ ਅਦਾਲਤ ਵਿੱਚ ਅਦਾਕਾਰਾਂ ਉਪਾਸਨਾ ਸਿੰਘ ਵੱਲੋਂ ਮਿਸ ਯੂਨੀਵਰਸ ਹਰਨਾਜ਼ ਕੌਰ ਸੰਧੂ ਖ਼ਿਲਾਫ਼ ਦਾਇਰ ਕੀਤੇ ਕੇਸ (ਸਿਵਲ ਸੂਟ) ਦੀ ਸੁਣਵਾਈ ਦੌਰਾਨ ਅੱਜ ਹਰਨਾਜ਼ ਕੌਰ ਸੰਧੂ ਨੂੰ ਨੋਟਿਸ ਜਾਰੀ ਕੀਤਾ ਗਿਆ ਹੈ। ਅਦਾਲਤ ਨੇ ਅੱਜ ਹਰਨਾਜ਼ ਸੰਧੂ ਨੂੰ ਨੋਟਿਸ ਜਾਰੀ ਕਰਦਿਆਂ 7 ਸਤੰਬਰ ਤੱਕ ਜਵਾਬ ਦੇਣ ਦੇ ਹੁਕਮ ਦਿੱਤੇ ਹਨ। ਜਾਣਕਾਰੀ ਅਨੁਸਾਰ ਉਪਾਸਨਾ ਸਿੰਘ ਨੇ ਦੋਸ਼ ਲਾਇਆ ਹੈ ਕਿ 2020 ਵਿੱਚ ਹਰਨਾਜ਼ ਕੌਰ ਨੇ ਉਸ ਦੇ ਸੰਤੋਸ਼ ਐਂਟਰਟੇਨਮੈਂਟ ਸਟੂਡੀਓ ਐੱਲਐੱਲਪੀ ਨਾਲ ਇੱਕ ਕੰਟਰੈਕਟ ਕੀਤਾ ਸੀ, ਜਿਸ ਅਨੁਸਾਰ ਫਿਲਮ ‘ਬਾਈ ਜੀ ਕੁੱਟਣਗੇ’ ਵਿੱਚ ਉਸ ਨੂੰ ਲੀਡ ਰੋਲ ਦਿੱਤਾ ਗਿਆ ਸੀ। ਉਪਾਸਨਾ ਸਿੰਘ ਨੇ ਕਿਹਾ ਕਿ ਹਰਨਾਜ਼ ਸੰਧੂ ਨੇ ਕੰਟਰੈਕਟ ਦੀਆਂ ਸ਼ਰਤਾਂ ਪੂਰੀਆਂ ਨਹੀਂ ਕੀਤੀਆਂ, ਜਿਸ ਕਰਕੇ ਉਸ ਨੂੰ ਵਿੱਤੀ ਨੁਕਸਾਨ ਹੋਇਆ ਹੈ।