ਜਸਵੰਤ ਜੱਸ
ਫ਼ਰੀਦਕੋਟ, 20 ਮਈ
ਫ਼ਰੀਦਕੋਟ ਦੀ ਬੇਆਬਾਦ ਪਈ ਸ਼ੂਗਰ ਮਿੱਲ ਵਿੱਚੋਂ ਹਜ਼ਾਰਾਂ ਦਰੱਖਤਾਂ ਨੂੰ ਅਣਅਧਿਕਾਰਤ ਤਰੀਕੇ ਨਾਲ ਵੱਢਣ ਅਤੇ ਰੁੱਖਾਂ ਦੀ ਨਿਲਾਮੀ ਵਿੱਚ ਕਥਿਤ ਘਪਲੇ ਦੇ ਦੋਸ਼ਾਂ ਮਗਰੋਂ ਅੱਜ ਜੰਗਲਾਤ ਵਿਭਾਗ ਨੇ ਮੌਕੇ ’ਤੇ ਜਾ ਕੇ ਰੁੱਖਾਂ ਦੀ ਦੁਬਾਰਾ ਗਿਣਤੀ ਸ਼ੁਰੂ ਕਰ ਦਿੱਤੀ ਹੈ।
ਦੱਸਣਯੋਗ ਹੈ ਕਿ ਪ੍ਰਸ਼ਾਸਨ ਨੇ ਦਾਅਵਾ ਕੀਤਾ ਸੀ ਕਿ ਸ਼ੂਗਰ ਮਿੱਲ ਵਿੱਚ ਸਿਰਫ਼ 2057 ਰੁੱਖ ਸਨ, ਜਿਨ੍ਹਾਂ ਨੂੰ ਜੰਗਲਾਤ ਵਿਭਾਗ ਦੀ ਮਨਜ਼ੂਰੀ ਮਿਲਣ ਮਗਰੋਂ 67 ਲੱਖ ਰੁਪਏ ਵਿੱਚ ਵੇਚ ਦਿੱਤਾ ਗਿਆ ਸੀ। ਦੂਜੇ ਪਾਸੇ ਫ਼ਰੀਦਕੋਟ ਸ਼ਹਿਰ ਦੇ ਵਸਨੀਕਾਂ ਅਤੇ ਵਾਤਾਵਰਨ ਪ੍ਰੇਮੀਆਂ ਨੇ ਦੋਸ਼ ਲਾਇਆ ਸੀ ਕਿ ਸ਼ੂਗਰ ਮਿੱਲ ਵਿੱਚ ਲੱਖਾਂ ਦੀ ਗਿਣਤੀ ਵਿੱਚ ਰੁੱਖ ਸਨ। ਵਿਵਾਦ ਭਖਣ ਮਗਰੋਂ ਫ਼ਰੀਦਕੋਟ ਦੇ ਡਿਪਟੀ ਕਮਿਸ਼ਨਰ ਵਿਮਲ ਕੁਮਾਰ ਸੇਤੀਆ ਨੇ ਅੱਜ ਸ਼ੂਗਰ ਮਿੱਲ ਦਾ ਦੌਰਾ ਕੀਤਾ ਅਤੇ ਵੱਢੇ ਗਏ ਰੁੱਖਾਂ ਬਾਰੇ ਵੇਰਵੇ ਇਕੱਤਰ ਕੀਤੇ। ਇਸ ਮਗਰੋਂ ਵਣ ਰੇਂਜ ਅਫ਼ਸਰ ਤਜਿੰਦਰ ਸਿੰਘ ਨੇ ਆਪਣੀ ਟੀਮ ਨਾਲ ਜੰਗਲ ਵਾਲੀ ਜਗ੍ਹਾ ਦਾ ਦੌਰਾ ਕਰ ਕੇ ਐਲਾਨ ਕੀਤਾ ਕਿ ਜੰਗਲਾਤ ਵਿਭਾਗ ਵੱਲੋਂ ਮਿੱਲ ਵਿੱਚ ਖੜ੍ਹੇ ਰੁੱਖਾਂ ਦੀ ਗਿਣਤੀ ਕੀਤੀ ਜਾ ਰਹੀ ਹੈ। ਵਣ ਰੇਂਜ ਅਫ਼ਸਰ ਨੇ ਕਿਹਾ ਕਿ ਜੰਗਲਾਤ ਵਿਭਾਗ ਹਰੇ ਰੁੱਖਾਂ ਨੂੰ ਵੱਢਣ ਦੀ ਇਜਾਜ਼ਤ ਨਹੀਂ ਦੇ ਸਕਦਾ ਅਤੇ ਨਾ ਹੀ ਉਨ੍ਹਾਂ ਨੇ ਸ਼ੂਗਰ ਮਿੱਲ ਦੇ ਅਧਿਕਾਰੀਆਂ ਨੂੰ ਅਜਿਹੀ ਕੋਈ ਮਨਜ਼ੂਰੀ ਦਿੱਤੀ ਹੈ।
ਵਾਤਾਵਰਨ ਪ੍ਰੇਮੀ ਗੁਰਦਿੱਤ ਸਿੰਘ ਸੇਖੋਂ, ਗੁਰਪ੍ਰੀਤ ਸਿੰਘ, ਸੰਦੀਪ ਅਰੋੜਾ, ਕਿਰਪਾਲ ਸਿੰਘ, ਹਰਬਰਿੰਦਰ ਸਿੰਘ ਨੇ ਕਿਹਾ ਕਿ ਕਿਸੇ ਵੀ ਕੀਮਤ ’ਤੇ ਜੰਗਲ ਵਿੱਚੋਂ ਹੋਰ ਰੁੱਖ ਨਹੀਂ ਵੱਢਣ ਦਿੱਤੇ ਜਾਣਗੇ। ਜਿਨ੍ਹਾਂ ਥਾਵਾਂ ਤੋਂ ਰੁੱਖ ਵੱਢੇ ਗਏ ਹਨ, ਉੱਥੇ ਬੂਟੇ ਲਾ ਦਿੱਤੇ ਹਨ ਤੇ ਜੰਗਲ ਦੀ ਪਹਿਰੇਦਾਰੀ ਕੀਤੀ ਜਾ ਰਹੀ ਹੈ।