ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 30 ਨਵੰਬਰ
ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਅੱਜ ਇਥੇ ਸਰਕਟ ਹਾਊਸ ਵਿੱਚ ਆਉਣ ਵਾਲੇ ਪੰਜ ਸਾਲਾਂ ਲਈ ਪਾਰਟੀ ਵੱਲੋਂ ਉਲੀਕੀਆਂ ਯੋਜਨਾਵਾਂ ਪੇਸ਼ ਕੀਤੀਆਂ। ਉਨ੍ਹਾਂ ਕਿਹਾ ਕਿ ਉਹ ਆਉਣ ਵਾਲੇ ਪੰਜ ਸਾਲਾਂ ’ਚ ਪੰਜਾਬ ਨੂੰ ਪੂਰੀ ਤਰ੍ਹਾਂ ਬਦਲ ਦੇਣਗੇ। ਉਹ ਅੱਜ ਇਥੇ ਕੌਂਸਲਰਾਂ ਨਾਲ ਮੀਟਿੰਗ ਕਰਨ ਲਈ ਪਹੁੰਚੇ ਸਨ। ਉਨ੍ਹਾਂ ਨਾਲ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ, ਵਿਧਾਇਕ ਸੰਜੇ ਤਲਵਾੜ, ਸੁਰਿੰਦਰ ਡਾਬਰ, ਮੇਅਰ ਬਲਕਾਰ ਸੰਧੂ, ਜ਼ਿਲ੍ਹਾ ਕਾਂਗਰਸ ਪ੍ਰਧਾਨ ਅਸ਼ਵਨੀ ਸ਼ਰਮਾ, ਹਲਕਾ ਇੰਚਾਰਜ ਕਮਲਜੀਤ ਸਿੰਘ ਕੜਵਲ ਸਮੇਤ ਹੋਰ ਆਗੂ ਮੌਜੂਦ ਸਨ। ਪੰਜਾਬ ਕਾਂਗਰਸ ਪ੍ਰਧਾਨ ਨੇ ਦੱਸਿਆ ਕਿ ਉਹ ਜੋ ਕਹਿ ਰਹੇ ਹਨ, ਉਹ ਇਨ੍ਹਾਂ ਤਿੰਨ ਮਹੀਨਿਆਂ ਲਈ ਨਹੀਂ, ਸਗੋਂ 2022 ਤੋਂ ਬਾਅਦ ਦੀਆਂ ਯੋਜਨਾਵਾਂ ਹਨ। ਉਨ੍ਹਾਂ ਦਾਅਵਾ ਕੀਤਾ ਕਿ ਇਨ੍ਹਾਂ ਯੋਜਨਾਵਾਂ ਨਾਲ ਪੰਜਾਬ ਦਾ ਖਜ਼ਾਨਾ ਕਦੇ ਖਾਲੀ ਨਹੀਂ ਹੋਵੇਗਾ। ਉਨ੍ਹਾਂ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ’ਤੇ ਵੀ ਵਿਅੰਗ ਕੱਸੇ। ਉਨ੍ਹਾਂ ਕਿਹਾ ਕਿ 2015 ’ਚ ਅਕਾਲੀ ਭਾਜਪਾ ਦੀ ਸਰਕਾਰ ਸੀ ਤਾਂ ਬਿਜ਼ਨਸ ਸਮਿਟ ਕੀਤਾ ਗਿਆ ਸੀ, ਜਿਸ ’ਚ ਕਈ ਐੱਮਓਯੂ ਸਾਈਨ ਕੀਤੇ ਗਏ ਸਨ ਤੇ ਗੱਲ ਕੀਤੀ ਗਈ ਸੀ ਕਿ ਇੱਕ ਲੱਖ 20 ਹਜ਼ਾਰ ਕਰੋੜ ਦਾ ਨਿਵੇਸ਼ ਕੀਤਾ ਜਾਵੇਗਾ, ਪਰ ਬਾਅਦ ’ਚ ਸਿਰਫ਼ 6 ਹਜ਼ਾਰ ਕਰੋੜ ਰੁਪਏ ਦਾ ਹੀ ਨਿਵੇਸ਼ ਹੋ ਸਕਿਆ। ਉਨ੍ਹਾਂ ਕਿਹਾ ਕਿ ਹੁਣ ਪੰਜਾਬ ਨੇ ਇੱਕ ਲੱਖ ਕਰੋੜ ਦੇ ਨਿਵੇਸ਼ ਦੇ ਐੱਮਓਯੂ ਸਾਈਨ ਕੀਤੇ ਹਨ, ਜਿਸ ’ਚ 52 ਫੀਸਦੀ ਕੰਮ ਸ਼ੁਰੂ ਹੋ ਗਏ ਹਨ। ਸ੍ਰੀ ਸਿੱਧੂ ਨੇ ਕਿਹਾ ਕਿ ਪੰਜਾਬ ’ਚ ਸਿੰਗਲ ਵਿੰਡੋ ਸਿਸਟਮ ਨਾ ਹੋਣ ਕਾਰਨ ਨਵਾਂ ਨਿਵੇਸ਼ ਆਉਣ ’ਚ ਰੁਕਾਵਟ ਖੜ੍ਹੀ ਹੋ ਰਹੀ ਹੈ। ਇੱਕ ਸਨਅਤ ਲਈ 16 ਤੋਂ 33 ਸਰਕਾਰੀ ਐੱਨਓਸੀ ਲੈਣੀਆਂ ਲੋੜੀਂਦੀਆਂ ਹਨ, ਜਿਸ ਕਾਰਨ ਨਿਵੇਸ਼ਕ ਭੱਜ ਜਾਂਦਾ ਹੈ।
ਵਿਧਾਇਕ ਬੈਂਸ ਦੀ ਗ੍ਰਿਫ਼ਤਾਰੀ ਲਈ ਪ੍ਰਦਰਸ਼ਨ ਕਰਦੀ ਰਹੀ ਔਰਤ
ਲੋਕ ਇਨਸਾਫ਼ ਪਾਰਟੀ ਦੇ ਪ੍ਰਧਾਨ ਤੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੂੰ ਗ੍ਰਿਫ਼ਤਾਰ ਕਰਨ ਦੀ ਮੰਗ ਸਬੰਧੀ ਲੰਮੇ ਸਮੇਂ ਤੋਂ ਪੁਲੀਸ ਕਮਿਸ਼ਨਰ ਦਫ਼ਤਰ ਦੇ ਬਾਹਰ ਰੋਜ਼ਾਨਾ ਧਰਨਾ ਦੇਣ ਵਾਲੀ ਔਰਤ ਨੇ ਅੱਜ ਸਰਕਟ ਹਾਊਸ ਦੇ ਬਾਹਰ ਵੀ ਆਪਣੀ ਮੰਗ ਰੱਖਦੇ ਹੋਏ ਰੋਸ ਪ੍ਰਦਰਸ਼ਨ ਕੀਤਾ। ਸਿੱਧੂ ਦੇ ਪਹੁੰਚਣ ’ਤੇ ਮਾਂ-ਪੁੱਤ ਨੇ ਬੈਂਸ ਨੂੰ ਜਲਦੀ ਗ੍ਰਿਫ਼ਤਾਰ ਕਰਨ ਦੀ ਮੰਗ ਕਰਦਿਆਂ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਇਸ ਤੋਂ ਪਹਿਲਾਂ ਉਕਤ ਔਰਤ ਅਰੋੜਾ ਪੈਲੇਸ ਦਾਣਾ ਮੰਡੀ ’ਚ ਹਾਜ਼ਰ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਸਾਹਮਣੇ ਪ੍ਰਦਰਸ਼ਨ ਕਰਨ ਲਈ ਵੀ ਪੁੱਜੀ ਸੀ।