ਪਾਲ ਸਿੰਘ ਨੌਲੀ
ਜਲੰਧਰ, 18 ਸਤੰਬਰ
ਭਾਰਤ-ਪਾਕਿਸਤਾਨ ਦਰਮਿਆਨ 1971 ’ਚ ਹੋਏ ਜੰਗ ਦੇ 50 ਸਾਲ ਪੂਰੇ ਹੋਣ ’ਤੇ ਜਲੰਧਰ ਛਾਉਣੀ ਵਿੱਚ ਗੋਲਡਨ ਜੁਬਲੀ ਸਮਾਗਮ ਕੀਤਾ ਗਿਆ। ਇਸ ਸਮਾਗਮ ਵਿੱਚ ਭਾਰਤੀ ਹਵਾਈ ਫੌਜ ਦੀ ਸੂਰਿਆ ਕਿਰਨ ਟੀਮ ਨੇ ਏਅਰ ਸ਼ੋਅ ਦਿਖਾਉਣਾ ਸੀ ਪਰ ਅਸਮਾਨ ਵਿਚ ਬੱਦਲ ਛਾਏ ਹੋਣ ਕਰਕੇ ਇਸ ਨੂੰ ਰੱਦ ਕਰਨਾ ਪਿਆ। ਏਅਰ ਫੋਰਸ ਦੀ ਸੂਰਿਆ ਕਿਰਨ ਟੀਮ ਦੇ ਮੈਂਬਰਾਂ ਨੇ ਦੱਸਿਆ ਕਿ ਅਸਮਾਨ ਵਿਚ ਬੱਦਲ ਕਾਫੀ ਨੀਵੇਂ ਸਨ ਜਿਸ ਕਰਕੇ ਏਅਰ ਸ਼ੋਅ ਨਹੀਂ ਹੋ ਸਕਦਾ ਸੀ। ਇਸ ਤੋਂ ਪਹਿਲਾਂ ਟੀਮ ਦੇ ਪਾਇਲਟ ਦੀਪਾਂਕਰ ਗਰਗ ਨੇ ਕੁੱਝ ਤਸਵੀਰਾਂ ਰਿਲੀਜ਼ ਕੀਤੀਆਂ ਜਿਨ੍ਹਾਂ ਵਿੱਚ ਉਨ੍ਹਾਂ ਨੇ ਅਸਮਾਨ ਵਿੱਚ ਕਰਤੱਵ ਦਿਖਾਏ ਜਾਣ ਦਾ ਨਜ਼ਾਰਾ ਪੇਸ਼ ਕੀਤਾ। ਇਹ ਤਸਵੀਰਾਂ ਸੋਸ਼ਲ ਮੀਡੀਆ ’ਤੇ ਵੀ ਕਾਫੀ ਚਰਚਾ ਵਿੱਚ ਹਨ। ਇਸ ਮੌਕੇ ਜੰਗ ਦੌਰਾਨ ਸ਼ਹੀਦ ਹੋਏ ਜਵਾਨਾਂ ਨੂੰ ਵੀ ਯਾਦ ਕੀਤਾ ਗਿਆ। ਹਾਲਾਂਕਿ ਅਭਿਆਸ ਦੌਰਾਨ ਲੋਕਾਂ ਨੇ ਅਸਮਾਨ ਵਿਚ ਏਅਰ ਫੋਰਸ ਦੇ ਕਰਤੱਵਾਂ ਦਾ ਆਨੰਦ ਮਾਣਿਆ ਸੀ। ਏਅਰ ਸ਼ੋਅ ਦੇਖਣ ਲਈ ਲੋਕ ਸਵੇਰ ਤੋਂ ਹੀ ਕਟੋਚ ਸਟੇਡੀਅਮ ਪਹੁੰਚਣੇ ਸ਼ੁਰੂ ਹੋ ਗਏ ਸਨ ਪਰ ਬੱਦਲਾਂ ਕਾਰਨ ਏਅਰ ਸ਼ੋਅ ਰੱਦ ਹੋਣ ’ਤੇ ਲੋਕਾਂ ਨੂੰ ਨਿਰਾਸ਼ ਪਰਤਣਾ ਪਿਆ।