ਜੋਗਿੰਦਰ ਸਿੰਘ ਮਾਨ
ਮਾਨਸਾ, 20 ਮਾਰਚ
ਪੰਜਾਬ ਵਿੱਚ ਸਭ ਤੋਂ ਵੱਧ ਵੋਟਾਂ ਹਾਸਲ ਕਰਨ ਵਾਲੇ ਹਲਕਾ ਮਾਨਸਾ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਡਾ. ਵਿਜੈ ਸਿੰਗਲਾ ਨੇ ਅੱਜ ਇੱਥੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਭਾਵੇਂ ਜਿਹੜੇ ਮਰਜ਼ੀ ਵਿਭਾਗ ਦੀ ਜ਼ਿੰਮੇਵਾਰੀ ਸੌਂਪੀ ਜਾਵੇ ਪਰ ਭ੍ਰਿਸ਼ਟਾਚਾਰ ਜੜ੍ਹੋਂ ਖ਼ਤਮ ਕਰਨਾ ਉਨ੍ਹਾਂ ਦੀ ਤਰਜੀਹ ਹੋਵੇਗੀ। ਉਨ੍ਹਾਂ ਕਿਹਾ ਕਿ ‘ਆਪ’ ਸਰਕਾਰ ਸੂਬੇ ’ਚੋਂ ਭ੍ਰਿਸ਼ਟਾਚਾਰ ਬਿਲਕੁਲ ਖ਼ਤਮ ਕਰ ਦੇਵੇਗੀ। ਪੰਜਾਬ ਦੇ ਲੋਕਾਂ ਵੱਲੋਂ ਦਿੱਤੇ ਬਹੁਮਤ ਦਾ ਮੁੱਲ ਆਮ ਆਦਮੀ ਪਾਰਟੀ ਲੋਕਾਂ ਦੀ ਸੇਵਾ ਕਰ ਕੇ ਮੋੜੇਗੀ।
ਡਾ. ਸਿੰਗਲਾ ਦੇ ਕੈਬਨਿਟ ਮੰਤਰੀ ਬਣਨ ਮਗਰੋਂ ਮਾਨਸਾ ਜ਼ਿਲ੍ਹੇ ਵਿੱਚ ‘ਆਪ’ ਵਰਕਰਾਂ ਵੱਲੋਂ ਖ਼ੁਸ਼ੀ ਮਨਾਈ ਜਾ ਰਹੀ ਹੈ। 1992 ਵਿੱਚ ਮਾਨਸਾ ਦੇ ਬਠਿੰਡਾ ਨਾਲੋਂ ਅਲੱਗ ਹੋ ਕੇ ਜ਼ਿਲ੍ਹਾ ਬਣਨ ਤੋਂ ਬਾਅਦ ਉਹ ਪਹਿਲੇ ਅਜਿਹੇ ਵਿਧਾਇਕ ਹਨ, ਜਿਨ੍ਹਾਂ ਨੂੰ ਕੈਬਨਿਟ ਮੰਤਰੀ ਬਣਨ ਦਾ ਮਾਣ ਹਾਸਲ ਹੋਇਆ ਹੈ। ਇਸ ਤੋਂ ਪਹਿਲਾਂ ਮਰਹੂਮ ਕਿਰਪਾਲ ਸਿੰਘ ਮਾਖਾ (ਸਰਦੂਲਗੜ੍ਹ) ਅਤੇ ਮਰਹੂਮ ਸ਼ੇਰ ਸਿੰਘ ਗਾਗੋਵਾਲ (ਮਾਨਸਾ) ਥੋੜ੍ਹੇ-ਥੋੜ੍ਹੇ ਸਮੇਂ ਲਈ ਰਾਜ ਮੰਤਰੀ ਰਹੇ ਹਨ।
ਡਾ. ਸਿੰਗਲਾ ਸ਼ਹਿਰ ਵਿੱਚ ਡੈਂਟਲ ਕਲੀਨਿਕ ਚਲਾਉਂਦੇ ਹਨ। ਮਾਨਸਾ ਵਿੱਚ ਪੈਂਦੇ ਪਿੰਡ ਭੁਪਾਲ ਦੇ ਜੰਮਪਲ ਡਾ. ਸਿੰਗਲਾ ਨੇ ਪਟਿਆਲਾ ਤੋਂ ਬੀਡੀਐੱਸ ਦੀ ਪੜ੍ਹਾਈ ਕਰਨ ਤੋਂ ਬਾਅਦ ਡਾਕਟਰੀ ਨੂੰ ਪੇਸ਼ੇ ਵਜੋਂ ਅਪਣਾਇਆ। ਰਾਜਨੀਤੀ ਨਾਲ ਉਨ੍ਹਾਂ ਦਾ ਕੋਈ ਬਹੁਤਾ ਸਬੰਧ ਨਹੀਂ ਰਿਹਾ।