ਗੁਰਦੀਪ ਸਿੰਘ ਲਾਲੀ
ਸੰਗਰੂਰ, 5 ਮਈ
ਪਿੰਡ ਨਾਰੀਕੇ ਦੇ ਪਟਵਾਰੀ ਤੇ ‘ਦਿ ਰੈਵੇਨਿਊ ਪਟਵਾਰ ਯੂਨੀਅਨ’ ਦੇ ਜ਼ਿਲ੍ਹਾ ਪ੍ਰਧਾਨ ਦੀਦਾਰ ਸਿੰਘ ਛੋਕਰਾਂ ਨੂੰ ਵਿਜੀਲੈਂਸ ਵੱਲੋਂ ਭ੍ਰਿਸ਼ਟਾਚਾਰ ਦੇ ਦੋਸ਼ ਹੇਠ ਗ੍ਰਿਫ਼ਤਾਰ ਕਰਨ ਦਾ ਮਾਮਲਾ ਲਗਾਤਾਰ ਭਖਦਾ ਜਾ ਰਿਹਾ ਹੈ। ਜਿਥੇ ਇੱਕ ਪਾਸੇ ਪਟਵਾਰੀ ਦੀਦਾਰ ਸਿੰਘ ਦੀ ਗ੍ਰਿਫ਼ਤਾਰੀ ਖ਼ਿਲਾਫ਼ ਸੰਗਰੂਰ ਅਤੇ ਮਾਲੇਰਕੋਟਲਾ ਜ਼ਿਲ੍ਹਿਆਂ ਤੋਂ ਪਟਵਾਰੀਆਂ ਅਤੇ ਕਾਨੂੰਨਗੋਆਂ ਦਾ ਸ਼ੁਰੂ ਹੋਇਆ ਸੰਘਰਸ਼ ਸੂਬਾ ਪੱਧਰ ’ਤੇ ਫੈਲ ਚੁੱਕਿਆ ਹੈ, ਉਥੇ ਹੀ ਵਿਜੀਲੈਂਸ ਵੱਲੋਂ ਪਟਵਾਰੀ ਦੀਦਾਰ ਸਿੰਘ ਖਿਲਾਫ਼ ਸਿਕੰਜ਼ਾ ਹੋਰ ਕੱਸਿਆ ਜਾ ਰਿਹਾ ਹੈ। ਵਿਜੀਲੈਂਸ ਵੱਲੋਂ ਕੀਤੇ ਗਏ ਦਾਅਵਿਆਂ ’ਤੇ ਸਵਾਲ ਚੁੱਕਦਿਆਂ ਅੱਜ ਪਟਵਾਰ ਯੂਨੀਅਨ ਦੇ ਸੂਬਾ ਪ੍ਰਧਾਨ ਹਰਵੀਰ ਸਿੰਘ ਢੀਂਡਸਾ ਨੇ ਕਿਹਾ ਕਿ ਜੇਕਰ ਪਟਵਾਰੀ ਦੇ ਘਰੋਂ ਮਿਲੀਆਂ ਰਜਿਸਟਰੀਆਂ ’ਤੇ ਕੋਈ ਸ਼ੱਕ ਸੀ ਤਾਂ ਪਟਵਾਰੀ ਦਾ ਰਿਮਾਂਡ ਕਿਉਂ ਨਾ ਵਧਵਾਇਆ ਗਿਆ।
ਉਨ੍ਹਾਂ ਕਿਹਾ ਕਿ ਰਜਿਸਟਰੀਆਂ ਲੀਗਲ ਹਨ ਤੇ ਇਨ੍ਹਾਂ ਵਿੱਚੋਂ 18 ਦੀਦਾਰ ਸਿੰਘ ਦੇ ਪਟਵਾਰੀ ਭਰਤੀ ਹੋਣ ਤੋਂ ਪਹਿਲਾਂ ਦੀਆਂ ਹਨ। ਉਨ੍ਹਾਂ ਕਿਹਾ ਕਿ ਕੇਸ ’ਚ ਲੋੜੀਂਦੇ ਤੀਜੇ ਵਿਅਕਤੀ ਦੀ ਗ੍ਰਿਫ਼ਤਾਰੀ ਲਈ ਹਾਲੇ ਤੱਕ ਵਿਜੀਲੈਂਸ ਨੇ ਕੋਈ ਛਾਪਾ ਨਹੀਂ ਮਾਰਿਆ। ਪਟਵਾਰ ਯੂਨੀਅਨ ਦੇ ਸੂਬਾ ਪ੍ਰਧਾਨ ਤੇ ਪਟਵਾਰੀ ਦੀਦਾਰ ਸਿੰਘ ਦੇ ਪਰਿਵਾਰ ਵੱਲੋਂ ਉਠਾਏ ਗਏ ਸਵਾਲਾਂ ਬਾਰੇ ਡੀਐੱਸਪੀ ਵਿਜੀਲੈਂਸ ਸਤਨਾਮ ਸਿੰਘ ਵਿਰਕ ਨੇ ਕਿਹਾ ਕਿ ਪੂਰੇ ਮਾਮਲੇ ਦੀ ਬਾਰੀਕੀ ਨਾਲ ਤਫਤੀਸ਼ ਕੀਤੀ ਜਾ ਰਹੀ ਹੈ।
ਪਟਵਾਰੀ ਦੇ ਭਰਾ ਨੇ ਵਿਜੀਲੈਂਸ ਦੇ ਦੋਸ਼ ਨਕਾਰੇ
ਮਾਲੇਰਕੋਟਲਾ (ਹੁਸ਼ਿਆਰ ਸਿੰਘ ਰਾਣੂ): ਪਟਵਾਰੀ ਦੀਦਾਰ ਸਿੰਘ ਦੇ ਮਰਚੈਂਟ ਨੇਵੀ ’ਚੋਂ ਸੇਵਾਮੁਕਤ ਹੋਏ ਭਰਾ ਬਚਿੱਤਰ ਸਿੰਘ ਨੇ ਦੀਦਾਰ ਸਿੰਘ ਸਬੰਧੀ ਸੋਸ਼ਲ ਮੀਡੀਆ ’ਤੇ ਵਾਇਰਲ ਵੀਡੀਓ ਅਤੇ ਉਕਤ ਪਟਵਾਰੀ ਦੇ ਘਰੋਂ ਵਿਜੀਲੈਂਸ ਵਿਭਾਗ ਨੂੰ ਇੱਕ ਕਰੋੜ 77 ਲੱਖ ਰੁਪਏ ਦੀ ਜਾਇਦਾਦ ਖ਼ਰੀਦਣ ਦੀਆਂ 33 ਰਜਿਸਟਰੀਆਂ ਮਿਲਣ ਅਤੇ 25 ਲੱਖ ਰੁਪਏ ਦਾ ਬੈਂਕ ਖ਼ਾਤਾ ਸੀਲ ਕਰਨ ਸਬੰਧੀ ਮਿਲ ਰਹੀ ਖ਼ਬਰ ਨੂੰ ਬੇ-ਬੁਨਿਆਦ ਤੇ ਝੂਠਾ ਕਰਾਰ ਦਿੱਤਾ ਹੈ। ਬਚਿੱਤਰ ਸਿੰਘ ਨੇ ਕਿਹਾ ਕਿ ਇਹ ਮਾਮਲਾ ਸਿਆਸੀ ਰੰਜ਼ਿਸ਼ ਦਾ ਮਾਮਲਾ ਹੈ। ਬਚਿੱਤਰ ਸਿੰਘ ਨੇ ਕਿਹਾ ਕਿ ਉਨ੍ਹਾਂ ਦੇ ਪਰਿਵਾਰ ਨੇ ਵਿਧਾਨ ਸਭਾ ਚੋਣਾਂ ਮੌਕੇ ਅਮਰਗੜ੍ਹ ਹਲਕਾ ਤੋਂ ਅਕਾਲੀ ਦਲ (ਅ) ਦੇ ਉਮੀਦਵਾਰ ਸ੍ਰੀ ਸਿਮਰਨਜੀਤ ਸਿੰਘ ਦੀ ਹਮਾਇਤ ਕੀਤੀ ਸੀ। ਉਸ ਵਕਤ ਤੋਂ ਹੀ ਆਮ ਆਦਮੀ ਪਾਰਟੀ ਦੇ ਕੁਝ ਕਾਰਕੁਨ ਕਥਿਤ ਤੌਰ ‘ਤੇ ਉਨ੍ਹਾਂ ਦੇ ਪਰਿਵਾਰ ਨਾਲ ਨਾਰਾਜ਼ ਚੱਲ ਰਹੇ ਸਨ, ਜਿਨ੍ਹਾਂ ਨੇ ਇੱਕ ਝੂਠੀ ਵੀਡੀਓ ਦੇ ਆਧਾਰ ‘ਤੇ ਪਟਵਾਰੀ ਦੀਦਾਰ ਸਿੰਘ ‘ਤੇ ਝੂਠਾ ਪਰਚਾ ਦਰਜ ਕਰਵਾ ਦਿੱਤਾ ਹੈ। ਉਨ੍ਹਾਂ ਦੋਸ਼ ਲਾਇਆ ਕਿ ਜਦੋਂ ਪਟਵਾਰ ਯੂਨੀਅਨ ਨੇ ਸੰਘਰਸ਼ ਵਿੱਢਿਆ ਤਾਂ ਵਿਜੀਲੈਂਸ ਵਿਭਾਗ ਨੇ ਝੂਠੇ ਪਰਚੇ ਨੂੰ ਜਾਇਜ਼ ਸਾਬਤ ਕਰਨ ਅਤੇ ਪਟਵਾਰ ਯੂਨੀਅਨ ਦੇ ਸੰਘਰਸ਼ ਨੂੰ ਤਾਰਪੀਡੋ ਕਰਨ ਲਈ ਉਕਤ 1.77 ਕਰੋੜ ਰੁਪਏ ਦੀਆਂ 33 ਰਜਿਸਟਰੀਆਂ ਤੇ ਬੈਂਕ ਖ਼ਾਤਾ ਸੀਲ ਕਰਨ ਦੀ ਗੱਲ ਆਖ ਦਿੱਤੀ। ਉਨ੍ਹਾਂ ਕਿਹਾ ਕਿ ਪਟਵਾਰੀ ਦੀਦਾਰ ਸਿੰਘ ਆਪਣੇ ਪਿੰਡ ਛੋਕਰਾਂ ਦਾ ਨੰਬਰਦਾਰ ਵੀ ਹੈ ਤੇ ਇਹ ਨੰਬਰਦਾਰੀ ਜੱਦੀ ਪੁਸ਼ਤੀ ਹੈ।