ਗੁਰਦੀਪ ਸਿੰਘ ਲਾਲੀ
ਸੰਗਰੂਰ, 29 ਅਪਰੈਲ
ਪਿੰਡ ਨਾਰੀਕੇ ਦੇ ਪਟਵਾਰੀ ਅਤੇ ‘ਦਿ ਰੈਵੇਨਿਊ ਪਟਵਾਰ ਯੂਨੀਅਨ’ ਦੇ ਜ਼ਿਲ੍ਹਾ ਪ੍ਰਧਾਨ ਦੀਦਾਰ ਸਿੰਘ ਛੋਕਰਾਂ ਨੂੰ ਬੀਤੇ ਕੱਲ੍ਹ ਵਿਜੀਲੈਂਸ ਵੱਲੋਂ ਭ੍ਰਿਸ਼ਟਾਚਾਰ ਦੇ ਦੋਸ਼ ਹੇਠ ਗ੍ਰਿਫ਼ਤਾਰ ਕਰਨ ਦਾ ਮਾਮਲਾ ਲਗਾਤਾਰ ਭਖ਼ਦਾ ਜਾ ਰਿਹਾ ਹੈ। ਇਸ ਗ੍ਰਿਫ਼ਤਾਰੀ ਖ਼ਿਲਾਫ਼ ਸੰਘਰਸ਼ ਦੇ ਪਿੜ ’ਚ ਨਿੱਤਰੇ ਪਟਵਾਰੀਆਂ ਅਤੇ ਕਾਨੂੰਨਗੋਆਂ ਦੀ ਮੁਕੰਮਲ ਹੜਤਾਲ ਕਾਰਨ ਅੱਜ ਤੀਜੇ ਦਿਨ ਜਿਥੇ ਸੰਗਰੂਰ ਤੇ ਮਲੇਰਕੋਟਲਾ ਜ਼ਿਲ੍ਹਿਆਂ ’ਚ ਮਾਲ ਵਿਭਾਗ ਨਾਲ ਸਬੰਧਤ ਕੰਮਕਾਜ ਠੱਪ ਰਿਹਾ, ਉਥੇ ਹੀ ‘ਦਿ ਰੈਵੇਨਿਊ ਕਾਨੂੰਨਗੋ/ਪਟਵਾਰੀ ਤਾਲਮੇਲ ਕਮੇਟੀ’ ਵੱਲੋਂ ਪੰਜਾਬ ਭਰ ਵਿੱਚ ਜ਼ਿਲ੍ਹਾ ਹੈੱਡਕੁਆਰਟਰਾਂ ’ਤੇ ਡਿਪਟੀ ਕਮਿਸ਼ਨਰਾਂ ਨੂੰ ਮੁੱਖ ਮੰਤਰੀ ਪੰਜਾਬ ਦੇ ਨਾਂ ਮੰਗ ਪੱਤਰ ਸੌਂਪੇ ਗਏ।
ਯੂਨੀਅਨ ਨੇ ਪੰਜਾਬ ਸਰਕਾਰ ਤੋਂ ਪਟਵਾਰੀ ਦੀਦਾਰ ਸਿੰਘ ਖ਼ਿਲਾਫ਼ ਦਰਜ ਕੇਸ ਰੱਦ ਕਰਨ ਦੀ ਮੰਗ ਕੀਤੀ ਹੈ ਤੇ ਇਸ ਕੰਮ ਲਈ ਸਰਕਾਰ ਨੂੰ 2 ਮਈ ਤੱਕ ਦਾ ਅਲਟੀਮੇਟਮ ਦਿੱਤਾ ਗਿਆ ਹੈ। ਯੂਨੀਅਨ ਦੇ ਸੂਬਾ ਪ੍ਰਧਾਨ ਹਰਵੀਰ ਸਿੰਘ ਢੀਂਡਸਾ ਨੇ ਦੱਸਿਆ ਕਿ ਅੱਜ ਪੰਜਾਬ ਭਰ ਵਿੱਚ ਡਿਪਟੀ ਕਮਿਸ਼ਨਰਾਂ ਨੂੰ ਮੁੱਖ ਮੰਤਰੀ ਪੰਜਾਬ ਦੇ ਨਾਂ ਮੰਗ ਪੱਤਰ ਸੌਂਪੇ ਗਏ ਹਨ। ਉਨ੍ਹਾਂ ਦੋਸ਼ ਲਾਇਆ ਕਿ ਯੂਨੀਅਨ ਦੇ ਸੰਗਰੂਰ/ਮਲੇਰਕੋਟਲਾ ਦੇ ਪ੍ਰਧਾਨ ਪਟਵਾਰੀ ਦੀਦਾਰ ਸਿੰਘ ਛੋਕਰਾਂ ਖ਼ਿਲਾਫ਼ ਵਿਜੀਲੈਂਸ ਵਿਭਾਗ ਵੱਲੋਂ ਬਿਨਾਂ ਵਿਭਾਗੀ ਪੜਤਾਲ ਦੇ ਗ਼ਲਤ ਐੱਫਆਈਆਰ ਦਰਜ ਕਰਕੇ ਉਨ੍ਹਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਇਸ ਕੇਸ ਵਿੱਚ ਦੀਦਾਰ ਸਿੰਘ ਪਟਵਾਰੀ ਵੱਲੋਂ ਜ਼ਮਾਨਤ ਆਰਜ਼ੀ ਦਾਇਰ ਨਾ ਕਰਨ ਦਾ ਫ਼ੈਸਲਾ ਲਿਆ ਗਿਆ ਹੈ। ਸੂਬਾ ਪ੍ਰਧਾਨ ਨੇ ਪੰਜਾਬ ਸਰਕਾਰ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਦੀਦਾਰ ਸਿੰਘ ਛੋਕਰਾਂ ਖ਼ਿਲਾਫ਼ ਦਰਜ ਕੀਤੀ ਐੱਫਆਈਆਰ ਦੋ ਮਈ ਤੱਕ ਰੱਦ ਨਹੀਂ ਕੀਤੀ ਗਈ ਤਾਂ 3 ਮਈ ਨੂੰ ‘ਦਿ ਰੈਵੇਨਿਊ ਪਟਵਾਰ ਯੂਨੀਅਨ ਪੰਜਾਬ’ ਅਤੇ ‘ਦਿ ਰੈਵੇਨਿਊ ਕਾਨੂੰਨਗੋ ਐਸੋਸੀਏਸ਼ਨ ਪੰਜਾਬ’ ਵੱਲੋਂ ਸੂਬਾ ਪੱਧਰੀ ਮੀਟਿੰਗ ਕਰਕੇ ਵੱਡਾ ਸੰਘਰਸ਼ ਉਲੀਕਿਆ ਜਾਵੇਗਾ, ਜਿਸ ਦੀ ਜ਼ਿੰਮੇਵਾਰ ਪੰਜਾਬ ਸਰਕਾਰ ਹੋਵੇਗੀ।