ਦਰਸ਼ਨ ਸਿੰਘ ਸੋਢੀ
ਐਸ.ਏ.ਐਸ. ਨਗਰ (ਮੁਹਾਲੀ), 11 ਅਕਤੂਬਰ
ਪੰਜਾਬ ਵਿਜੀਲੈਂਸ ਬਿਊਰੋ (ਉਡਣ ਦਸਤਾ-1) ਨੇ ਭ੍ਰਿਸ਼ਟਾਚਾਰ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਏਆਈਜੀ ਆਸ਼ੀਸ਼ ਕਪੂਰ ਅਤੇ ਏਐੱਸਆਈ ਹਰਜਿੰਦਰ ਸਿੰਘ ਨੂੰ ਅੱਜ ਬਾਅਦ ਦੁਪਹਿਰ ਮੁਹਾਲੀ ਅਦਾਲਤ ਵਿੱਚ ਪੇਸ਼ ਕੀਤਾ। ਅਦਾਲਤ ਨੇ ਮੁਲਜ਼ਮਾਂ ਨੂੰ ਤਿੰਨ ਦਿਨਾ ਪੁਲੀਸ ਰਿਮਾਂਡ ’ਤੇ ਭੇਜ ਦਿੱਤਾ ਹੈ। ਇਸ ਤੋਂ ਪਹਿਲਾਂ ਉਨ੍ਹਾਂ ਦਾ ਸਰਕਾਰੀ ਹਸਪਤਾਲ ਵਿੱਚ ਮੈਡੀਕਲ ਕਰਵਾਇਆ ਗਿਆ। ਉਧਰ, ਇਸ ਮਾਮਲੇ ਵਿੱਚ ਨਾਮਜ਼ਦ ਡੀਐੱਸਪੀ ਇੰਟੈਲੀਜੈਂਸ ਪਵਨ ਕੁਮਾਰ ਹਾਲੇ ਵੀ ਵਿਜੀਲੈਂਸ ਦੀ ਗ੍ਰਿਫ਼ਤ ਤੋਂ ਬਾਹਰ ਹੈ। ਉਸ ਦੀ ਭਾਲ ਵਿੱਚ ਕੁਰੂਕਸ਼ੇਤਰ, ਗੁਰੂਗ੍ਰਾਮ ਸਮੇਤ ਵੱਖ-ਵੱਖ ਥਾਵਾਂ ’ਤੇ ਛਾਪੇ ਮਾਰਨ ਦੀ ਦਲੀਲ ਦਿੱਤੀ ਗਈ ਹੈ। ਵਿਜੀਲੈਂਸ ਟੀਮ ਨੇ ਏਆਈਜੀ ਆਸ਼ੀਸ਼ ਕਪੂਰ ਅਤੇ ਏਐੱਸਆਈ ਹਰਜਿੰਦਰ ਸਿੰਘ ਨੂੰ ਅਦਾਲਤ ਵਿੱਚ ਪੇਸ਼ ਕਰ ਕੇ ਦੋਵਾਂ ਦੇ ਸੱਤ ਦਿਨ ਦੇ ਪੁਲੀਸ ਰਿਮਾਂਡ ਦੀ ਮੰਗ ਕਰਦਿਆਂ ਕਿਹਾ ਕਿ ਪੁਲੀਸ ਅਧਿਕਾਰੀ ਨੂੰ ਵੱਖ-ਵੱਖ ਚੈੱਕਾਂ ਰਾਹੀਂ ਇੱਕ ਕਰੋੜ ਰੁਪਏ ਦੀ ਰਿਸ਼ਵਤ ਲੈਣ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਗਿਆ ਹੈ। ਉਨ੍ਹਾਂ ਖ਼ਿਲਾਫ਼ ਵਿਜੀਲੈਂਸ ਥਾਣਾ ਮੁਹਾਲੀ ਵਿੱਚ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀ ਧਾਰਾ 7, 7-ਏ ਅਤੇ ਆਈਪੀਸੀ ਦੀ ਧਾਰਾ 420, 120-ਬੀ ਤਹਿਤ ਕੇਸ ਦਰਜ ਕੀਤਾ ਗਿਆ ਹੈ ਅਤੇ ਇਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ। ਮੁਲਜ਼ਮਾਂ ਕੋਲੋਂ ਫਰਾਰ ਡੀਐੱਸਪੀ ਬਾਰੇ ਪਤਾ ਕਰਨਾ ਹੈ ਅਤੇ ਚੈੱਕ ਬਰਾਮਦ ਕਰਨੇ ਹਨ।
ਬਹਿਸ ਦੌਰਾਨ ਸਰਕਾਰੀ ਵਕੀਲ ਨੇ ਦਲੀਲ ਦਿੱਤੀ ਕਿ ਏਆਈਜੀ ਤੋਂ ਚੈੱਕਾਂ ਰਾਹੀਂ ਹਾਸਲ ਕੀਤਾ ਰਿਸ਼ਵਤ ਦਾ ਪੈਸਾ ਬਰਾਮਦ ਕਰਨਾ ਹੈ ਅਤੇ ਮੁਲਜ਼ਮ ਏਐੱਸਆਈ ਤੋਂ ਚੈੱਕਾਂ ਬਾਰੇ ਪਤਾ ਕਰਨਾ ਹੈ। ਉਧਰ, ਬਚਾਅ ਪੱਖ ਦੇ ਵਕੀਲ ਪਰਦੀਪ ਸਿੰਘ ਵਿਰਕ ਨੇ ਪੁਲੀਸ ਰਿਮਾਂਡ ਦੀ ਮੰਗ ਦਾ ਸਖ਼ਤ ਵਿਰੋਧ ਕਰਦਿਆਂ ਏਆਈਜੀ ਆਸ਼ੀਸ਼ ਕਪੂਰ ਨੂੰ ਨਿਰਦੋਸ਼ ਦੱਸਿਆ। ਮੁਲਜ਼ਮਾਂ ਨੂੰ 14 ਅਕਤੂਬਰ ਨੂੰ ਮੁੜ ਮੁਹਾਲੀ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ।
ਹਰਿਆਣਾ ਦੇ ਸਰਾਫ ਤੋਂ ਗਹਿਣੇ ਬਣਾਉਣ ਦੀ ਆਡੀਓ ਜੱਜ ਨੂੰ ਸੁਣਾਈ
ਵਿਜੀਲੈਂਸ ਬਿਊਰੋ ਦੇ ਏਆਈਜੀ ਪਵਨ ਕੁਮਾਰ ਨੇ ਦੱਸਿਆ ਕਿ ਮਾਮਲੇ ਵਿੱਚ ਨਾਮਜ਼ਦ ਡੀਐੱਸਪੀ (ਇੰਟੈਲੀਜੈਂਸ) ਪਵਨ ਕੁਮਾਰ ਦੀ ਭਾਲ ਵਿੱਚ ਪੁਲੀਸ ਕੁਰੂਕਸ਼ੇਤਰ, ਗੁਰੂਗ੍ਰਾਮ ਸਮੇਤ ਵੱਖ-ਵੱਖ ਥਾਵਾਂ ’ਤੇ ਛਾਪੇ ਮਾਰ ਰਹੀ ਹੈ। ਉਨ੍ਹਾਂ ਦੱਸਿਆ ਕਿ ਏਆਈਜੀ ਦੀ ਗ੍ਰਿਫ਼ਤਾਰੀ ਤੋਂ ਬਾਅਦ ਕਰਨਾਲ ਵਿੱਚ ਸਰਾਫ਼ ਦਾ ਕੰਮ ਕਰਨ ਵਾਲਾ ਇੱਕ ਵਿਅਕਤੀ ਵੀ ਸਾਹਮਣੇ ਆਇਆ ਹੈ। ਉਸ ਨੇ ਵਿਜੀਲੈਂਸ ਕੋਲ ਦਰਜ ਕਰਵਾਏ ਆਪਣੇ ਬਿਆਨਾਂ ਵਿੱਚ ਕਿਹਾ ਹੈ ਕਿ ਏਆਈਜੀ ਆਸ਼ੀਸ਼ ਕਪੂਰ ਨੇ ਉਸ ਨੂੰ ਥਾਣੇ ’ਚ ਸੱਦ ਕੇ ਗਹਿਣੇ ਬਣਾਉਣ ਲਈ ਕਿਹਾ ਸੀ। ਇਸ ਸਬੰਧੀ ਹੋਈ ਗੱਲਬਾਤ ਦੀ ਸਰਾਫ ਨੇ ਰਿਕਾਰਡਿੰਗ ਕਰ ਲਈ ਸੀ। ਕੇਸ ਦੀ ਸੁਣਵਾਈ ਦੌਰਾਨ ਇਹ ਆਡੀਓ ਕਲਿੱਪ ਜੱਜ ਨੂੰ ਵੀ ਸੁਣਾਈ ਗਈ।