ਚੰਡੀਗੜ੍ਹ, 15 ਫਰਵਰੀ
ਪੰਜਾਬ ਰਾਜ ਚੋਣ ਕਮਿਸ਼ਨ ਨੇ ਪਟਿਆਲਾ ਵਿਚ ਪਾਤੜਾਂ ਅਤੇ ਸਮਾਣਾ ਨਗਰ ਕੌਂਸਲ ਦੇ ਤਿੰਨ ਬੂਥਾਂ ’ਤੇ ਮੁੜ ਮਤਦਾਨ ਕਰਾਉਣ ਦਾ ਹੁਕਮ ਦਿੱਤਾ ਹੈ। ਇਨ੍ਹਾਂ ਬੂਥਾਂ ’ਤੇ 16 ਫਰਵਰੀ ਨੂੰ ਸਵੇਰੇ 8 ਵਜੇ ਤੋਂ ਸ਼ਾਮ 4 ਵਜੇ ਤਕ ਵੋਟਾਂ ਪੈਣਗੀਆਂ ਅਤੇ ਵੋਟਾਂ ਦੀ ਗਿਣਤੀ 17 ਫਰਵਰੀ ਨੂੰ ਹੋਵੇਗੀ। ਸੂਬਾਈ ਚੋਣ ਕਮਿਸ਼ਨ ਦੇ ਇਕ ਬੁਲਾਰੇ ਨੇ ਦੱਸਿਆ ਕਿ ਪਾਤੜਾਂ ਦੇ ਚੋਣ ਅਧਿਕਾਰੀ ਤੋਂ ਰਿਪੋਰਟ ਮਿਲੀ ਸੀ ਕਿ ਵਾਰਡ ਨੰਬਰ 8 ਦੇ ਚੋਣ ਕੇਂਦਰ 11 ’ਤੇ ਕੁਝ ਲੋਕਾਂ ਨੇ ਈਵੀਐਮ ਭੰਨ ਦਿੱਤੀ ਸੀ। ਇਸੇ ਤਰ੍ਹਾਂ ਵਾਰਡ ਨੰ. 11 ਦੇ ਮਤਦਾਨ ਕੇਂਦਰ 22 ਅਤੇ 23 ’ਤੇ ਵੀ ਈਵੀਐਮ ਨੁਕਸਾਨੇ ਜਾਣ ਦੀ ਜਾਣਕਾਰੀ ਮਿਲੀ ਸੀ। ਅਧਿਕਾਰੀ ਨੇ ਦੱਸਿਆ ਕਿ ਇਨ੍ਹਾਂ ਘਟਨਾਵਾਂ ਨੂੰ ਗੰਭੀਰਤਾ ਨਾਲ ਲੈਂਦਿਆਂ ਕਮਿਸ਼ਨ ਨੇ ਐਲਾਨ ਕੀਤਾ ਕਿ ਇਨ੍ਹਾਂ ਬੂਥਾਂ ’ਤੇ ਹੋਏ ਮਤਦਾਨ ਨੂੰ ਰੱਦ ਮੰਨਿਆ ਜਾਵੇਗਾ ਅਤੇ ਇਥੇ ਮੁੜ ਵੋਟਾਂ ਪਵਾਈਆਂ ਜਾਣਗੀਆਂ। -ਏਜੰਸੀ