ਰਾਕੇਸ਼ ਸੈਣੀ
ਨੰਗਲ, 28 ਅਪਰੈਲ
ਅੱਜ ਨਗਰ ਕੌਂਸਲ ਨੰਗਲ ਦੇ ਨਵੇਂ ਚੁਣੇ ਪ੍ਰਧਾਨ ਸੰਜੇ ਸਾਹਨੀ ਦਾ ਤਾਜ਼ਪੋਸ਼ੀ ਸਮਾਗਮ ਨਵਾਂ ਨੰਗਲ ’ਚ ਕਰਵਾਇਆ ਗਿਆ। ਇਸ ਮੌਕੇ ਵਿਧਾਨ ਸਭਾ ਸਪੀਕਰ ਰਾਣਾ ਕੇਪੀ ਸਿੰਘ ਨੇ ਪੰਹੁਚ ਕੇ ਨਵੇਂ ਬਣੇ ਪ੍ਰਧਾਨ ਸੰਜੇ ਸਾਹਨੀ ਦਾ ਹਾਰ ਪਾ ਕੇ ਸਵਾਗਤ ਕੀਤਾ।
ਇਸ ਮੌਕੇ ਸਪੀਕਰ ਰਾਣਾ ਕੇਪੀ ਸਿੰਘ ਨੇ ਸਾਰੇ ਕੌਂਸਲਰਾਂ ਨੂੰ ਇਕ-ਜੁੱਟ ਹੋ ਕੇ ਕਰੋਨਾ ਮਹਾਂਮਾਰੀ ਦਾ ਮੁਕਾਬਲਾ ਕਰਨ ਲਈ ਪ੍ਰੇਰਿਆ। ਉਨ੍ਹਾਂ ਕੌਂਸਲਰਾਂ ਨੂੰ ਕਿਹਾ ਕਿ ਉਹ ਆਪਣੇ ਵਾਰਡ ’ਚ ਸਫਾਈ ਅਭਿਆਨ ਸ਼ੁਰੂ ਕਰਨ ਤੇ ਘਰ-ਘਰ ਜਾ ਕੇ ਲੋਕਾਂ ਨੂੰ ਕਰੋਨਾ ਵਿਰੋਧੀ ਟੀਕਾ ਲਗਵਾਉਣ ਲਈ ਪ੍ਰੇਰਨ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਨੇ ਹਮੇਸ਼ਾ ਇਲਾਕੇ ਦਾ ਵਿਕਾਸ ਕੀਤਾ ਹੈ ਤੇ ਅੱਗੇ ਵੀ ਜਾਰੀ ਰਹੇਗਾ। ਉਨ੍ਹਾਂ ਕਿਹਾ ਕਿ ਇਲਾਕੇ ਵਿਚ ਅਨੇਕਾਂ ਵਿਕਾਸ ਕਾਰਜਾਂ ਦੇ ਪ੍ਰਾਜੈਕਟ ਚੱਲ ਰਹੇ ਹਨ। ਇਸ ਮੌਕੇ ਨਗਰ ਕੌਂਸਲ ਨੰਗਲ ਦੇ ਨਵੇਂ ਚੁਣੇ ਪ੍ਰਧਾਨ ਸੰਜੇ ਸਾਹਨੀ ਨੇ ਕਿਹਾ ਕਿ ਵਿਧਾਨ ਸਭਾ ਸਪੀਕਰ ਰਾਣਾ ਕੇਪੀ ਸਿੰਘ ਦੀ ਯੋਗ ਅਗਵਾਈ ’ਚ ਸ਼ਹਿਰ ਦੇ ਹਰ ਵਾਰਡ ’ਚ ਵਿਕਾਸ ਕਾਰਜ ਕਰਵਾਏ ਜਾਣਗੇ।
ਇਸ ਮੌਕੇ ਨਗਰ ਕੌਂਸਲ ਨੰਗਲ ਦੇ ਕਾਰਜ ਸਾਧਕ ਅਧਿਕਾਰੀ ਮਨਜਿੰਦਰ ਸਿੰਘ, ਕੌਂਸਲਰ ਐਡਵੋਕੇਟ ਪਰਮਜੀਤ ਸਿੰਘ ਪੰਮਾ, ਰੋਜ਼ੀ ਸ਼ਰਮਾ, ਸੁਰਿੰਦਰ ਪੰਮਾ, ਮਨਜੀਤ ਕੌਰ ਮੱਟੂ, ਸੋਨੀਆ ਸੈਣੀ, ਸੁਨੀਲ ਸ਼ਰਮਾ ਆਦਿ ਸਣੇੇ ਕਈ ਪਤਵੰਤੇ ਹਾਜ਼ਰ ਸਨ।
ਨਵ-ਨਿਯੁਕਤ ਪ੍ਰਧਾਨ ਬਿੰਦੂ ਰਾਣਾ ਨੇ ਪ੍ਰਧਾਨਗੀ ਸੰਭਾਲੀ
ਲਾਲੜੂ (ਸਰਬਜੀਤ ਸਿੰਘ ਭੱਟੀ) ਸੀਨੀਅਰ ਕਾਂਗਰਸੀ ਆਗੂ ਤੇ ਹਲਕਾ ਇੰਚਾਰਜ ਦੀਪਇੰਦਰ ਸਿੰਘ ਢਿਲੋਂ ਨੇ ਨਗਰ ਕੌਂਸਲ ਦੀ ਨਵ-ਨਿਯੁਕਤ ਪ੍ਰਧਾਨ ਬਿੰਦੂ ਰਾਣਾ ਨੂੰ ਕੁਰਸੀ ’ਤੇ ਬਿਠਾਉਣ ਉਪਰੰਤ ਕਿਹਾ ਕਿ ਹੁਣ ਸਹਿਰ ਦੇ ਵਿਕਾਸ ਕਾਰਜ਼ਾ ਅੰਦਰ ਤੇਜ਼ੀ ਲਿਆਂਦੀ ਜਾਵੇਗੀ। ਲਾਲੜੂ ਵਿੱਚ ਬੱਸ ਅੱਡਾ ਦਾ ਨਿਰਮਾਣ, ਪੀਣ ਵਾਲੇ ਪਾਣੀ ਅਤੇ ਗੰਦੇ ਪਾਣੀ ਦੀ ਨਿਕਾਸੀ ਵਰਗੀਆਂ ਸਮੱਸਿਆਵਾਂ ਨੂੰ ਪਹਿਲ ਦੇ ਆਧਾਰ ’ਤੇ ਹੱਲ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਪਿਛਲੇ ਸਮੇਂ ਵਿੱਚ ਵਿਕਾਸ ਦੇ ਕਾਰਜ ਨਾ ਹੋਣ ਕਾਰਨ ਸਹਿਰ ਦੇ ਲੋਕ ਅਨੇਕ ਬੁਨਿਆਦੀ ਸਹੁਲਤਾਂ ਤੋਂ ਸੱਖਣੇ ਹਨ, ਇਸ ਤੋਂ ਇਲਾਵਾ ਸਰਕਾਰੀ ਗਉਸ਼ਾਲਾ ਨੂੰ ਕਿਸੇ ਹੋਰ ਸਮਾਜਸੇਵੀ ਸੰਸਥਾ ਦੇ ਹਵਾਲੇ ਕਰਕੇ ਗਉੂਧਨ ਦੀ ਸਾਂਭ ਸੰਭਾਲ ਦੇ ਚੰਗੇ ਉਪਰਾਲੇ ਕੀਤੇ ਜਾਣਗੇ। ਪਾਰਟੀ ਦੇ ਸਾਰੇ ਕੌਂਸਲਰਾਂ ਤੇ ਹੋਰ ਵਾਸੀਆਂ ਨੂੰ ਨਾਲ ਲੈ ਕੇ ਬਿਨ੍ਹਾ ਕਿਸੇ ਭੇਦ ਭਾਵ ਤੇ ਪਾਰਟੀਬਾਜ਼ੀ ਤੋਂ ਉਪਰ ਉਠ ਕੇ ਵਿਕਾਸ ਦੇ ਕੰਮ ਅਰੰਭੇ ਜਾਣਗੇ।