ਸੰਜੀਵ ਬੱਬੀ
ਚਮਕੌਰ ਸਾਹਿਬ, 3 ਨਵੰਬਰ
ਵਿਸ਼ਵ ਵਿਆਪੀ ਕਰੋਨਾ ਮਹਾਮਾਰੀ ਦੇ ਚਲਦਿਆਂ ਮਾਰਚ ਤੋਂ ਬੰਦ ਹੋਏ ਸਕੂਲ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਨੌਵੀਂ ਤੋਂ ਬਾਰ੍ਹਵੀਂ ਜਮਾਤ ਦੇ ਵਿਦਿਆਰਥੀਆਂ ਲਈ 16 ਅਕਤੂਬਰ ਤੋਂ ਖੁੱਲ੍ਹ ਗਏ ਹਨ। ਸਰਕਾਰੀ ਹਦਾਇਤਾਂ ਅਨੁਸਾਰ ਸਿਰਫ਼ ਮਾਪਿਆਂ ਦੀ ਲਿਖਤੀ ਸਹਿਮਤੀ ਦੇਣ ਉਪਰੰਤ ਹੀ ਵਿਦਿਆਰਥੀ ਸਕੂਲਾਂ ਵਿੱਚ ਆ ਸਕਦੇ ਸਨ। ਸਹਿਮਤੀ ਨਾ ਦੇਣ ਵਾਲਿਆਂ ਤੇ ਛੋਟੀਆਂ ਜਮਾਤਾਂ ਦੇ ਵਿਦਿਆਰਥੀਆਂ ਦੀ ਆਨਲਾਈਨ ਪੜ੍ਹਾਈ ਵੀ ਨਿਰਵਿਘਨ ਜਾਰੀ ਹੈ।
ਇਲਾਕੇ ਦੇ ਖੁੱਲ੍ਹੇ ਕੁਝ ਚੋਣਵੇਂ ਸਕੂਲਾਂ ਨਾਲ 7 ਮਹੀਨਿਆਂ ਦੇ ਵਕਫ਼ੇ ਉਪਰੰਤ ਰਾਬਤਾ ਕੀਤਾ ਤਾਂ ਇਕੱਤਰ ਜਾਣਕਾਰੀ ਅਨੁਸਾਰ ਬਹੁਤੇ ਸਕੂਲ ਮੁਖੀ ਆਪਣੇ ਪੱਧਰ ਉੱਤੇ ਹੀ ਸਕੂਲਾਂ ਨੂੰ ਵਿਦਿਆਰਥੀਆਂ ਦੇ ਆਉਣ ਤੋਂ ਪਹਿਲਾਂ ਸੈਨੇਟਾਈਜ਼ਰ ਕਰਵਾ ਰਹੇ ਹਨ। ਸਕੂਲਾਂ ਦੇ ਮੁੱਖ ਗੇਟ ਉੱਤੇ ਸਹਿਮਤੀ ਪੱਤਰ ਚੈੱਕ ਕਰ ਕੇ ਵਿਦਿਆਰਥੀਆਂ ਨੂੰ ਬਾਕਾਇਦਾ ਸਰੀਰ ਦਾ ਤਾਪਮਾਨ ਜਾਂਚ ਕਰਨ, ਹੱਥਾਂ ਨੂੰ ਸੈਨੇਟਾਈਜ਼ ਕਰਨ ਉਪਰੰਤ ਹੀ ਅੰਦਰ ਆਉਣ ਦੀ ਇਜ਼ਾਜਤ ਦਿੱਤੀ ਜਾ ਰਹੀ ਹੈ।
ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਝੱਲੀਆਂ ਕਲਾਂ, ਸਰਕਾਰੀ ਕੰਨਿਆਂ ਸਕੂਲ ਚਮਕੌਰ ਸਾਹਿਬ, ਬੇਲਾ, ਹਫਿਜ਼ਾਬਾਦ, ਡੱਲਾ ਅਤੇ ਖ਼ਾਲਸਾ ਸਕੂਲ ਆਦਿ ਸਣੇ ਇਲਾਕੇ ਦੇ ਕਈ ਹੋਰ ਸਕੂਲਾਂ ਤੋਂ ਇਕੱਤਰ ਵੇਰਵਿਆਂ ਅਨੁਸਾਰ ਸਕੂਲ ਮੁਖੀਆਂ ਤੇ ਸਟਾਫ ਦੇ ਯਤਨਾਂ ਦੇ ਬਾਵਜੂਦ ਵਿਦਿਆਰਥੀਆਂ ਦੀ ਸਕੂਲਾਂ ਵਿੱਚ ਔਸਤ ਹਾਜ਼ਰੀ 10 ਫ਼ੀਸਦੀ ਤੋਂ ਵੀ ਘੱਟ ਰਹਿ ਰਹੀ ਹੈ।
ਬੁੱਧੀਜੀਵੀ ਹਲਕਿਆਂ ਦਾ ਮੰਨਣਾ ਹੈ ਕਿ ਸਕੂਲ ਖੋਲ੍ਹਣ ਲਈ ਸਿੱਖਿਆ ਵਿਭਾਗ ਵੱਲੋਂ ਮੰਗੇ ਸਹਿਮਤੀ ਪੱਤਰ ਵਿੱਚ ਕਰੋਨਾ ਮਹਾਮਾਰੀ ਦੇ ਚੱਲਦੇ ਵਿਦਿਆਰਥੀਆਂ ਨਾਲ ਕੁਝ ਵੀ ਅਣਸੁਖਾਵਾਂ ਵਾਪਰਨ ਦੀ ਜ਼ਿੰਮੇਵਾਰੀ ਮਾਪਿਆਂ ਉੱਤੇ ਸੁੱਟਣ ਕਾਰਨ ਵੀ ਪਹਿਲੇ ਦਿਨ ਸਕੂਲਾਂ ਵਿੱਚ ਹਾਜ਼ਰੀ ਨਾਂਹ ਦੇ ਬਰਾਬਰ ਰਹੀ ਹੈ। ਸਕੂਲ ਖੁੱਲ੍ਹਣ ਦੇ 20 ਦਿਨ ਦੇ ਕਰੀਬ ਹੋਣ ਉਪਰੰਤ ਵੀ ਸਕੂਲੀ ਸਿੱਖਿਆ ਲਈ ਅਧਿਆਪਕ ਹਾਜ਼ਰ ਹੈ ਪਰ ਵਿਦਿਆਰਥੀ ਨਦਾਰਦ ਹਨ।