ਸੰਗਰੂਰ (ਨਿੱਜੀ ਪੱਤਰ ਪ੍ਰੇਰਕ): ਇੱਥੇ ਮੁੱਖ ਮੰਤਰੀ ਭਗਵੰਤ ਮਾਨ ਦੀ ਕੋਠੀ ਅੱਗੇ ਕਰੀਬ ਇੱਕ ਹਫ਼ਤੇ ਤੋਂ ਧਰਨੇ ’ਤੇ ਡਟੇ (ਕਰੋਨਾ ਯੋਧੇ) ਮਹਿਲਾ ਨਰਸਿੰਗ ਮੁਲਾਜ਼ਮਾਂ ਨੇ ਅੱਜ ਭੁੱਖ ਹੜਤਾਲ ਸ਼ੁਰੂ ਕਰ ਦਿੱਤੀ ਹੈ। ਕਰੋਨਾ ਯੋਧੇ ਮੁੱਖ ਮੰਤਰੀ ਵੱਲੋਂ ਮੀਟਿੰਗ ਲਈ ਸਮਾਂ ਨਾ ਦੇਣ ਅਤੇ ਸੇਵਾਵਾਂ ਮੁੜ ਬਹਾਲ ਕਰਨ ਦਾ ਕੀਤਾ ਵਾਅਦਾ ਪੂਰਾ ਨਾ ਹੋਣ ਤੋਂ ਖਫ਼ਾ ਹਨ। ਭੁੱਖ ਹੜਤਾਲ ’ਤੇ ਬੈਠੀਆਂ ਛੇ ਨਰਸਿੰਗ ਮੁਲਾਜ਼ਮਾਂ ਵਿੱਚੋਂ ਚਾਰ ਦੀ ਗਰਮੀ ਕਾਰਨ ਸਿਹਤ ਵਿਗੜ ਗਈ, ਜਿਨ੍ਹਾਂ ਦੇ ਗੁਲੂਕੋਸ ਲਾਇਆ ਗਿਆ। ਜਾਣਕਾਰੀ ਮੁਤਾਬਿਕ ਕੰਟਰੈਕਟ ਮੈਡੀਕਲ ਐਂਪਲਾਈਜ਼ ਜੁਆਇੰਟ ਕਮੇਟੀ ਕੋਵਿੰਡ-19 ਪੰਜਾਬ ਦੀ ਅਗਵਾਈ ਹੇਠ ਨਰਸਿੰਗ ਮੁਲਾਜ਼ਮ ਬੀਤੀ 4 ਮਈ ਤੋਂ ਇੱਥੇ ਮੁੱਖ ਮੰਤਰੀ ਦੀ ਕੋਠੀ ਅੱਗੇ ਪੱਕੇ ਰੋਸ ਧਰਨੇ ’ਤੇ ਡਟੇ ਹੋਏ ਸਨ। ਉਹ ਮੁੱਖ ਮੰਤਰੀ ਨਾਲ ਮੀਟਿੰਗ ਕਰਾਉਣ ਦੀ ਮੰਗ ਕਰ ਰਹੇ ਸਨ ਪਰ ਕੋਈ ਸੁਣਵਾਈ ਨਾ ਹੋਣ ’ਤੇ ਉਨ੍ਹਾਂ ਅੱਜ ਭੁੱਖ ਹੜਤਾਲ ਆਰੰਭ ਦਿੱਤੀ। ਯੂਨੀਅਨ ਦੀ ਪ੍ਰਧਾਨ ਸੰਦੀਪ ਕੌਰ ਨੇ ਦੱਸਿਆ ਕਿ ਅੱਜ ਛੇ ਲੜਕੀਆਂ ਭੁੱਖ ਹੜਤਾਲ ’ਤੇ ਬੈਠੀਆਂ ਹਨ, ਜਿਨ੍ਹਾਂ ’ਚੋਂ ਸਤਿੰਦਰ ਕੌਰ, ਰੂਬੀ, ਅਮਨਦੀਪ ਕੌਰ ਅਤੇ ਲਿਜਵਤ ਦੀ ਗਰਮੀ ਕਾਰਨ ਸਿਹਤ ਖਰਾਬ ਹੋ ਗਈ। ਉਨ੍ਹਾਂ ਨੂੰ ਸਾਥੀ ਕੁੜੀਆਂ ਨੇ ਗੁਲੂਕੋਸ ਲਗਾਇਆ ਅਤੇ ਹੱਥ ਪੱਖੇ ਨਾਲ ਝੱਲ ਮਾਰ ਕੇ ਗਰਮੀ ਤੋਂ ਬਚਾਇਆ ਜਾ ਰਿਹਾ ਹੈ। ਇਸ ਦੌਰਾਨ ਉਨ੍ਹਾਂ ਦੱਸਿਆ ਕਿ ਐੱਸਐੱਸਪੀ ਮਨਦੀਪ ਸਿੰਘ ਸਿੱਧੂ ਦੇ ਯਤਨਾਂ ਸਦਕਾ ਉਨ੍ਹਾਂ ਦੀ ਕੱਲ੍ਹ ਸਿਹਤ ਮੰਤਰੀ ਵਿਜੈ ਸਿੰਗਲਾ ਨਾਲ ਚੰਡੀਗੜ੍ਹ ਵਿੱਚ ਮੀਟਿੰਗ ਹੋਈ ਸੀ, ਜਿਨ੍ਹਾਂ ਨੇ ਕਿਹਾ ਸੀ ਕਿ ਜੇਕਰ ਫੰਡ ਆਉਣਗੇ ਤਾਂ ਅਡਜਸਟ ਕੀਤਾ ਜਾਵੇਗਾ। ਭੁੱਖ ਹੜਤਾਲ ਦੌਰਾਨ ਪ੍ਰਸ਼ਾਸਨ ਦੀ ਤਰਫ਼ੋਂ ਐੱਸਡੀਐੱਮ ਚਰਨਜੋਤ ਸਿੰਘ ਵਾਲੀਆ ਨੇ ਪੁੱਜ ਕੇ ਪ੍ਰਦਰਸ਼ਨਕਾਰੀ ਨਰਸਾਂ ਨਾਲ ਗੱਲਬਾਤ ਕੀਤੀ ਅਤੇ ਮੰਗ ਪੱਤਰ ਪ੍ਰਾਪਤ ਕਰਦਿਆਂ ਛੇਤੀ ਮੰਗਾਂ ਦੇ ਹੱਲ ਦਾ ਭਰੋਸਾ ਦਿੱਤਾ।