ਸਰਬਜੀਤ ਸਿੰਘ ਭੰਗੂ
ਪਟਿਆਲਾ 25 ਨਵੰਬਰ
ਕਰੋਨਾ ਦਾ ਕਹਿਰ ਘਟਣ ਮਗਰੋਂ ਨੌਕਰੀ ਤੋਂ ਹਟਾ ਦਿੱਤੇ ਗਏ ਕਰੋਨਾ ਵਾਲੰਟੀਅਰਾਂ ਨੇ ਅੱਜ ਮੀਂਹ ਪੈਣ ਦੇ ਬਾਵਜੂਦ ਰੋਸ ਮੁਜ਼ਾਹਰਾ ਕੀਤਾ। ਪਟਿਆਲਾ ਵਿੱਚ ਚੱਲ ਰਹੇ ਪੱਕੇ ਮੋਰਚੇ ਦੇ ਅੱਠਵੇਂ ਦਿਨ ਅੱਜ ਉਨ੍ਹਾਂ ਮੰਗ ਕੀਤੀ ਕਿ ਸਰਕਾਰ ਉਨ੍ਹਾਂ ਦੀਆਂ ਸੇਵਾਵਾਂ ਬਹਾਲ ਕਰੇ ਜਾਂ ਸਿਹਤ ਵਿਭਾਗ ’ਚ ਖਾਲੀ ਪਈਆਂ ਅਸਾਮੀਆਂ ’ਤੇ ਭਰਤੀ ਕਰੇ। ਅੱਜ ਦੇ ਇਸ ਪ੍ਰਦਰਸ਼ਨ ਦੌਰਾਨ ਜਥੇਬੰਦੀ ਦੇ ਸੂਬਾਈ ਪ੍ਰਧਾਨ ਰਾਜਵਿੰਦਰ ਸਿੰਘ ਤੇ ਜਰਨਲ ਸਕੱਤਰ ਚਮਕੌਰ ਸਿੰਘ ਸਮੇਤ ਅਮਨਦੀਪ ਕੌਰ ਭੰਗੂ (ਮੋਗਾ), ਗੁਰਪ੍ਰੀਤ ਮੋਗਾ, ਗੁਰਵੀਰ ਪਟਿਆਲਾ ਤੇ ਹੋਰ ਜ਼ਿਲ੍ਹਿਆਂ ਤੋਂ ਆਏ ਆਗੂ ਵੀ ਸ਼ਾਮਲ ਸਨ। ਉਨ੍ਹਾਂ ਕਿਹਾ ਕਿ ਜਦੋਂ ਕਰੋਨਾ ਸਿਖਰਾਂ ’ਤੇ ਸੀ ਤਾਂ ਉਨ੍ਹਾਂ ਨੇ ਮੌਤ ਦੇ ਮੂੰਹ ਵਿੱਚ ਰਹਿ ਕੇ ਸ਼ਿੱਦਤ ਨਾਲ ਸੇਵਾਵਾਂ ਨਿਭਾਈਆਂ। ਉਸ ਵੇਲੇ ਸਰਕਾਰ ਵੀ ਉਨ੍ਹਾਂ ਨੂੰ ਕਰੋਨਾ ਯੋਧੇ ਆਖ ਕੇ ਸਨਮਾਨਦੀ ਰਹੀ ਪਰ ਹੁਣ ਜਦੋਂ ਉਨ੍ਹਾਂ ਦੀ ਲੋੜ ਨਹੀਂ ਰਹੀ ਤਾਂ ਸਰਕਾਰ ਨੇ ਉਨ੍ਹਾਂ ਨੂੰ ਘਰਾਂ ਨੂੰ ਤੋਰ ਦਿੱਤਾ। ਉਨ੍ਹਾਂ ਮੰਗ ਕੀਤੀ ਕਿ ਸਰਕਾਰ ਖਾਲੀ ਆਸਾਮੀਆਂ ’ਤੇ ਭਰਤੀ ਕਰੇ।
ਅਕਾਲੀ ਦਲ ਤੇ ਕਿਸਾਨਾਂ ਵੱਲੋਂ ਮੋਰਚੇ ਦੀ ਹਮਾਇਤ
ਇਸ ਦੌਰਾਨ ਮੋਰਚੇ ’ਚ ਉਚੇਚੇ ਤੌਰ ’ਤੇ ਪੁੱਜੇ ਅਕਾਲੀ ਦਲ ਦੇ ਆਗੂ ਜਗਜੀਤ ਸਿੰਘ ਕੋਹਲੀ, ਨੌਜਵਾਨ ਆਗੂ ਪੰਮਾ ਪਨੌਦੀਆਂ, ਕਿਸਾਨ ਆਗੂ ਜਸਦੇਵ ਨੂਗੀ ਅਤੇ ਕਿਸਾਨ ਯੂਨੀਅਨ ਰਾਜੇਵਾਲ ਬਲਾਕ ਸਨੌਰ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਠੀਆਂ ਨੇ ਵੀ ਇਨ੍ਹਾਂ ਕਰੋਨਾ ਵਾਲੰਟੀਅਰਾਂ ਦੀਆਂ ਮੰਗਾਂ ਦੀ ਹਮਾਇਤ ਕੀਤੀ।