ਡਾ. ਪਿਆਰੇ ਲਾਲ ਗਰਗ
ਇਹ ਪ੍ਰਚਾਰ ਜ਼ੋਰਾਂ ਨਾਲ ਕੀਤਾ ਗਿਆ ਪੰਜਾਬ ਦੇ ਸਰਕਾਰੀ ਹਸਪਤਾਲਾਂ ਵਿੱਚ ਮਰੀਜ਼ਾਂ ਨੂੰ ਜਾਣ-ਬੁੱਝ ਕੇ ਕਰੋਨਾ ਪਾਜ਼ੇਟਿਵ ਕਹਿ ਕੇ ਮਾਰ ਦਿੱਤਾ ਜਾਂਦਾ ਹੈ ਅਤੇ ਉਨ੍ਹਾਂ ਦੇ ਅੰਗ ਕੱਢ ਕੇ ਤਸਕਰੀ ਕੀਤੀ ਜਾਂਦੀ ਹੈ। ਇਹ ਕਾਰਾ ਭਾਰਤ ਸਰਕਾਰ ਕੋਲੋਂ ਤਿੰਨ ਲੱਖ ਰੁਪਏ ਪ੍ਰਤੀ ਮਰੀਜ਼ ਲੈਣ ਵਾਸਤੇ ਕੀਤਾ ਜਾਂਦਾ ਹੈ। ਜਿਹੜੇ ਜਿਉਂਦੇ ਮਰੀਜ਼ ਦੇ ਨੇੜੇ ਜਾਣ ਤੋਂ ਡਰਦੇ ਹਨ, ਉਹੀ ਫਿਰ ਨਾਅਰੇ ਲਾਉਂਦੇ ਹਨ ਅਤੇ ਸਿਹਤ ਅਮਲੇ ਨਾਲ ਗਾਲੀ-ਗਲੋਚ ਕਰਕੇ ਜਿਸਮਾਨੀ ਹਮਲੇ ਕਰਦੇ ਹਨ। ਇਹ ਸਾਰਾ ਵਰਤਾਰਾ ਹਕੀਕਤ ਤੋਂ ਪਰ੍ਹੇ ਹੈ ਅਤੇ ਸ਼ਰਾਰਤੀ ਅਨਸਰਾਂ ਦਾ ਸਸਤੀ ਸਿਆਸਤ ਦਾ ਮੁਜ਼ਾਹਰਾ ਹੈ। ਜਿਹੜੇ ਸੋਸ਼ਲ ਮੀਡੀਆ ਅਤੇ ਹੋਰ ਥਾਈਂ ਹਰ ਰੋਜ਼ ਆਪਣੇ ਵਿਚਾਰ ਸਾਂਝੇ ਕਰਦੇ ਹਨ, ਉਨ੍ਹਾਂ ਦੀ ਇਸ ਮਾਮਲੇ ਸਬੰਧੀ ਕੋਈ ਵੀ ਵੀਡੀਓ ਸਾਹਮਣੇ ਨਹੀਂ ਆਈ। ਇਰਾਦੇ ਸਪੱਸ਼ਟ ਹਨ। 15 ਅਗਸਤ ਤੱਕ 1075 ਮਰੀਜ਼ਾਂ ’ਚੋਂ 155 ਮਤਲਬ 14.42 ਫੀਸਦੀ ਮੌਤਾਂ ਹੋਈਆਂ ਸਨ, ਜੋ ਟਰਸ਼ਰੀ ਕੇਅਰ ਸੈਂਟਰ ਦੇ ਹਿਸਾਬ ਨਾਲ ਸੰਸਾਰ ਭਰ ਵਿੱਚ ਹੀ ਹੋ ਰਹੀਆਂ ਸਨ ਪਰ ਇਸ ਮਗਰੋਂ ਅਜਿਹੀਆਂ ਅਫਵਾਹਾਂ ਫੈਲਾਉਣੀਆਂ ਸ਼ੁਰੂ ਕੀਤੀਆਂ ਗਈਆਂ ਤਾਂ ਮਰੀਜ਼ ਡਰਨ ਲੱਗ ਗਏ। ਹਸਪਤਾਲ ਆਉਣ ਦੀ ਥਾਂ ਘਰ ਬੈਠੇ ਰਹੇ ਅਤੇ ਮਜਬੂਰੀ ਵਿੱਚ ਆਖਰੀ ਸਟੇਜ ’ਤੇ ਹਸਪਤਾਲ ਆਉਣੇ ਸ਼ੁਰੂ ਹੋਏ ਪਰ ਉਥੇ ਆ ਕੇ ਵੀ ਅਫਵਾਹਾਂ ਦਾ ਸ਼ਿਕਾਰ ਰਹੇ। ਇਸ ਤਰ੍ਹਾਂ ਮੌਤ ਦਰ ਭਾਵੇਂ ਥੋੜੀ ਵਧ ਗਈ ਪਰ ਜਿਹੜੇ ਮਰੀਜ਼ ਠੀਕ ਹੋਏ, ਉਨ੍ਹਾਂ ਬਾਰੇ ਕੋਈ ਗੱਲ ਹੀ ਨਹੀਂ ਕੀਤੀ ਜਾਂਦੀ।
ਇਸ ਵੇਲੇ ਹਸਪਤਾਲ, ਡਾਕਟਰਾਂ ਅਤੇ ਅਮਲੇ ਦੀਆਂ ਡਿਊਟੀਆਂ, ਸਾਜ਼ੋ-ਸਾਮਾਨ, ਆਕਸੀਜਨ ਆਦਿ ਦਾ ਮਰੀਜ਼ਾਂ ਨਾਲ ਤਾਲਮੇਲ ਦਾ ਪ੍ਰਬੰਧ ਕਮਜ਼ੋਰ ਹੋ ਗਿਆ ਹੈ। ਸਾਰੇ ਵਿਤਕਰੇਬਾਜ਼ੀ, ਆਪਾਧਾਪੀ, ਤਹੁਮਤਬਾਜ਼ੀ, ਥਕਾਨ (ਫਟੀਗ) , ਡਰ ਅਤੇ ਅਨਿਸ਼ਚਤਾ ਦਾ ਸ਼ਿਕਾਰ ਹਨ। ਹਸਪਤਾਲ ਪ੍ਰਬੰਧ ਅਤੇ ਸਰਕਾਰ ਨੇ ਇਸ ਸਮੱਸਿਆ ਦੇ ਹੱਲ ਲਈ ਯੋਗ ਕਦਮ ਨਹੀਂ ਚੁੱਕੇ। ਹਾਲਾਤ ਨੂੰ ਸਹੀ ਦਿਸ਼ਾ ਵਿੱਚ ਮੋੜਾ ਦੇਣ ਅਤੇ ਸੁਧਾਰ ਕਰਵਾਉਣ ਲਈ ਸਰਕਾਰ ਨੂੰ ਸਹੀ ਕਦਮ ਚੁੱਕਣ ਵਾਸਤੇ ਕਹਿਣਾ ਪਵੇਗਾ। ਇਸ ਦੇ ਨਾਲ ਹੀ ਸਾਨੂੰ ਸੋਚਣਾ ਪਵੇਗਾ ਕਿ ਅਫਵਾਹਾਂ ਰਾਹੀਂ ਮਰੀਜ਼ਾਂ ਨੂੰ ਡਰਾ ਕੇ ਹਸਪਤਾਲ ਆਉਣ ਵਿੱਚ ਬਹੁਤ ਦੇਰ ਕਰਵਾ ਕੇ ਬਲਦੀ ਦੇ ਬੂਥੇ ਧੱਕਣਾ ਕਿੱਥੋਂ ਦਾ ਇਨਸਾਫ ਹੈ। ਇਸ ਕੂੜ ਪ੍ਰਚਾਰ ਉਪਰ ਕਈ ਦਾਨਸ਼ਮੰਦ ਡਾਕਟਰਾਂ ਦਾ ਚੁੱਪ ਵੱਟਣਾ ਜਾਂ ਲੁਕਵਾਂ ਸਮਰਥਨ ਕਰਨਾ ਕਿਸ ਦੇ ਹਿਤ ਵਿੱਚ ਹੈ, ਇਸ ਬਾਰੇ ਪਾਠਕ ਆਪੇ ਫ਼ੈਸਲਾ ਕਰ ਸਕਦੇ ਹਨ। ਇਸ ਵੇਲੇ ਕਰੋਨਾ ਤੋਂ ਬਚਾਅ ਲਈ ਸਾਵਧਾਨੀਆਂ ਵਰਤਣ ਦੀ ਜ਼ਿਆਦਾ ਜ਼ਰੂਰਤ ਹੈ।
ਸੰਪਰਕ: 99145-05009