ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 31 ਅਗਸਤ
ਪੰਜਾਬ ਸਰਕਾਰ ਨੇ ਕੋਵਿਡ ਪ੍ਰਬੰਧਾਂ ਨੂੰ ਲੈ ਕੇ ਆਪਣੀ ਭੱਲ ਖੜ੍ਹੀ ਕਰਨ ਵਾਸਤੇ ਅੱਜ ‘ਸਭ ਅੱਛਾ’ ਮੁਹਿੰਮ ਵਿੱਢੀ ਹੈ ਤਾਂ ਜੋ ਕੁਤਾਹੀਆਂ ’ਤੇ ਪੋਚਾ ਫੇਰਿਆ ਜਾ ਸਕੇ। ਪੰਜਾਬ ਭਰ ਵਿਚ ਕੋਵਿਡ ਕੇਅਰ ਸੈਂਟਰਾਂ ਅਤੇ ਇਕਾਂਤਵਾਸ ਕੇਂਦਰਾਂ ’ਚੋਂ ਛੁੱਟੀ ਮਗਰੋਂ ਘਰਾਂ ਨੂੰ ਜਾਣ ਵਾਲੇ ਮਰੀਜ਼ ਸਰਕਾਰੀ ਪ੍ਰਬੰਧਾਂ ਨੂੰ ਲੈ ਕੇ ਵਾਹ-ਵਾਹ ਕਰ ਰਹੇ ਹਨ, ਜਿਨ੍ਹਾਂ ਦੀਆਂ ਬਾਕਾਇਦਾ ਵੀਡੀਓਜ਼ ਤਿਆਰ ਕੀਤੀਆਂ ਜਾ ਰਹੀਆਂ ਹਨ।
ਇਕਾਂਤਵਾਸ ਕੇਂਦਰਾਂ ਵਿਚ ਚੱਲ ਰਹੇ ਯੋਗਾ ਪ੍ਰੋਗਰਾਮਾਂ ਨੂੰ ਪ੍ਰਚਾਰਿਆ ਜਾ ਰਿਹਾ ਹੈ ਅਤੇ ਕਈ ਕੇਂਦਰਾਂ ਵਿਚ ਮਰੀਜ਼ ਭੰਗੜਾ ਪਾਉਂਦੇ ਦਿਖਾਏ ਗਏ ਹਨ। ਇਹ ਚੰਗਾ ਪੱਖ ਹੈ ਕਿ ਕੋਵਿਡ ਮਰੀਜ਼ਾਂ ਦਾ ਹੌਸਲਾ ਬੰਨ੍ਹਣ ਅਤੇ ਮਾਨਸਿਕ ਤੌਰ ’ਤੇ ਮਜ਼ਬੂਤੀ ਲਈ ਇਕਾਂਤਵਾਸ ਕੇਂਦਰਾਂ ਵਿਚ ਕੌਂਸਲਿੰਗ ਅਤੇ ਹੋਰ ਪ੍ਰੋਗਰਾਮ ਹੋਣੇ ਚਾਹੀਦੇ ਹਨ ਪਰ ਹੈਰਾਨੀ ਇਸ ਗੱਲ ਦੀ ਹੈ ਕਿ ਮਰੀਜ਼ਾਂ ਨੂੰ ਪ੍ਰੇਰਿਤ ਕਰਕੇ ਸਰਕਾਰੀ ਗੁਣਗਾਨ ਕਰਾਇਆ ਜਾ ਰਿਹਾ ਹੈ।
ਸੋਸ਼ਲ ਮੀਡੀਆ ’ਤੇ ਕੋਵਿਡ ਨੂੰ ਲੈ ਕੇ ਕਈ ਤਰ੍ਹਾਂ ਦਾ ਕੂੜ ਪ੍ਰਚਾਰ ਵੀ ਭੈਅ ਪੈਦਾ ਕਰ ਰਿਹਾ ਹੈ। ਸਿਹਤ ਤੇ ਪਰਿਵਾਰ ਭਲਾਈ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਸਿਵਲ ਸਰਜਨਾਂ ਨੂੰ ਮੁਲਜ਼ਮਾਂ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਦੇ ਆਦੇਸ਼ ਦਿੱਤੇ ਹਨ। ਸਿੱਧੂ ਨੇ ਦੱਸਿਆ ਕਿ ਮੁਲਜ਼ਮਾਂ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਲਈ ਡੀਜੀਪੀ ਦਿਨਕਰ ਗੁਪਤਾ ਨੇ ਸਮੂਹ ਜ਼ਿਲ੍ਹਾ ਅਫਸਰਾਂ ਨੂੰ ਤੁਰੰਤ ਕਾਰਵਾਈ ਕਰਨ ਦੀਆਂ ਹਦਾਇਤਾਂ ਜਾਰੀ ਕੀਤੀਆਂ ਹਨ, ਜਿਸ ਤਹਿਤ ਪੁਲਿਸ ਵਿਭਾਗ ਦੇ ਸਾਈਬਰ ਵਿੰਗ ਨੇ ਮੁਲਜ਼ਮਾਂ ਦਾ ਪਤਾ ਲਗਾਉਣ ਲਈ ਤਫਤੀਸ਼ ਸ਼ੁਰੂ ਕਰ ਦਿੱਤੀ ਹੈ। ਸ੍ਰੀ ਸਿੱਧੂ ਨੇ ਦੱਸਿਆ ਕਿ ਹੁਣ ਤੱਕ ਸਿਹਤ ਵਿਭਾਗ ਦੇ ਲਗਪਗ 836 ਮੁਲਾਜ਼ਮ ਕਰੋਨਾ ਤੋਂ ਪ੍ਰਭਾਵਿਤ ਹੋਏ ਹਨ ਤੇ 2 ਦੀ ਮੌਤ ਹੋਈ ਹੈ। ਇਸੇ ਤਰ੍ਹਾਂ ਪੁਲੀਸ ਵਿਭਾਗ ਦੇ ਲਗਪਗ 1650 ਮੁਲਾਜ਼ਮ ਪ੍ਰਭਾਵਿਤ ਹੋਏ ਹਨ, ਜਿਨ੍ਹਾਂ ’ਚੋਂ 13 ਦੀ ਮੌਤ ਹੋ ਚੁੱਕੀ ਹੈ।
ਅਫਵਾਹਾਂ ਫੈਲਾਉਣ ਵਾਲਿਆਂ ਦੀਆਂ ਗ੍ਰਿਫ਼ਤਾਰੀਆਂ ਸ਼ੁਰੂ
ਸਿਹਤ ਮੰਤਰੀ ਬਲਬੀਰ ਸਿੱਧੂ ਨੇ ਦੱਸਿਆ ਕਿ ਬੀਤੇ ਦਿਨ ਪਟਿਆਲਾ ਦੇ ਥਾਣਾ ਤ੍ਰਿਪੜੀ ਵਿੱਚ ਆਈਪੀਸੀ ਦੀ ਧਾਰਾ 188 ਅਤੇ ਆਫ਼ਤ ਪ੍ਰਬੰਧਨ ਐਕਟ ਦੀ ਧਾਰਾ 54 ਤਹਿਤ ਦਰਜ ਕੀਤੇ ਗਏ ਪਹਿਲੇ ਮਾਮਲੇ ’ਚ ਗਰੀਸ਼ ਭੱਟ ਪੁੱਤਰ ਪਰਮਾਨੰਦ ਭੱਟ ਵਾਸੀ ਰਣਜੀਤ ਨਗਰ ਨੂੰ ਨਾਮਜ਼ਦ ਕੀਤਾ ਗਿਆ ਹੈ। ਇਸ ਵਿਅਕਤੀ ਨੇ ਇੰਸਟਾਗ੍ਰਾਮ ’ਤੇ ਕਰੋਨਾ ਬਾਰੇ ਇੱਕ ਝੂਠਾ ਵੀਡੀਓ ਅਪਲੋਡ ਕੀਤਾ ਸੀ। ਇਸੇ ਤਰ੍ਹਾਂ ਪਟਿਆਲਾ ਦੇ ਥਾਣਾ ਸਿਵਲ ਲਾਈਨਜ਼ ਵਿੱਚ ਸਰਬਜੋਤ ਸਿੰਘ ਸੋਨੂ ਵਾਸੀ ਗੋਬਿੰਦ ਨਗਰ ਨੂੰ ਨਾਮਜ਼ਦ ਕਰਦੇ ਗ੍ਰਿਫ਼ਤਾਰ ਕੀਤਾ ਗਿਆ ਹੈ, ਜਿਸ ਨੇ ਇਕ ਫੇਸਬੁੱਕ ਗਰੁੱਪ ਵਿੱਚ ਪੋਸਟ ਪਾ ਕੇ ਪਿੰਡਾਂ ਵਿੱਚ ਕੋਵਿਡ-19 ਦੇ ਟੈਸਟ ਕਰਨ ਲਈ ਸੈਂਪਲ ਲੈਣ ਅਤੇ ਕੋਵਿਡ ਬਾਰੇ ਪ੍ਰਚਾਰ ਕਰਨ ਜਾਂਦੀਆਂ ਸਿਹਤ ਵਿਭਾਗ ਦੀਆਂ ਟੀਮਾਂ ਅਤੇ ਕੋਰੋਨਾ ਯੋਧਿਆਂ ਬਾਰੇ ਅਫ਼ਵਾਹਾਂ ਫੈਲਾਈਆਂ ਸਨ।