ਡਾ. ਪਿਆਰੇ ਲਾਲ ਗਰਗ
ਇਹ ਵੀ ਕੂੜ ਪ੍ਰਚਾਰ ਹੈ ਕਿ ਸਰਕਾਰਾਂ ਦੇ ਪ੍ਰਬੰਧਾਂ ਕਾਰਨ ਮੌਤਾਂ ਦੀ ਗਿਣਤੀ ਘਟੀ। ਹੁਣ ਤਾਂ ਹਕੀਕਤ ਸਾਰੀ ਦੁਨੀਆ ਦੇ ਸਾਹਮਣੇ ਹੈ। ਭਾਰਤ ਦਾ ਲੌਕਡਾਊਨ ਸੰਸਾਰ ਭਰ ਵਿੱਚ ਸਭ ਤੋਂ ਸਖਤ ਅਤੇ ਸਭ ਤੋਂ ਲੰਬਾ ਹੋਣ ਦੇ ਦਸਤਾਵੇਜ਼ ਹੁਣ ਸਭ ਦੇ ਸਾਹਮਣੇ ਹਨ। ਲੋਕਾਂ ਨੂੰ ਅੰਦਰ ਡੱਕ ਕੇ ਅਤੇ ਲੰਬੇ ਲੌਕਡਾਊਨ ਕਾਰਨ ਲੋਕਾਂ ਨੂੰ ਵਹੀਰਾਂ ਘੱਤ ਕੇ ਦੂਜੇ ਸੂਬਿਆਂ ਵੱਲ ਚਾਲੇ ਪਾਉਣ ਲਈ ਸਰਕਾਰ ਨੇ ਬੇਬੱਸ ਕੀਤਾ ਹੈ। ਅਰਥਚਾਰੇ ਦੇ ਚੌਪਟ ਹੋਣ ਕਰਕੇ, ਇਲਾਜ ਦੇ ਉਪਲਬਧ ਸਰੋਤਾਂ ਦੀ ਠੀਕ ਵਰਤੋਂ ਨਾ ਕਰਨ ਕਰਕੇ ਅਤੇ ਲੋਕਾਂ ਨੂੰ ਇਲਾਜ ਨਾ ਮਿਲਣ ਕਰਕੇ ਅਤੇ ਉਨ੍ਹਾਂ ਕੋਲ ਇਲਾਜ ਵਾਸਤੇ ਪੈਸਾ ਨਾ ਹੋਣ ਕਰਕੇ ਕਰੋਨਾ ਜ਼ਿਆਦਾ ਫੈਲਿਆ ਹੈ। ਮਈ ਦੇ ਅੱਧ ਤੱਕ ਹੀ ਦੇਸ਼ ਵਿੱਚ ਕਰੀਬ ਇੱਕ ਕਰੋੜ ਲੋਕਾਂ ਨੂੰ ਕਰੋਨਾ ਹੋ ਚੱਕਿਆ ਸੀ। ਵਾਰ-ਵਾਰ ਆਪਾ ਵਿਰੋਧੀ ਹਦਾਇਤਾਂ, ਭਾਰਤ ਸਰਕਾਰ ਵੱਲੋਂ ਸੰਸਥਾਗਤ ਇਕਾਂਤਵਾਸ ਅਤੇ ਆਈਸੋਲੇਸ਼ਨ ਦੇ ਗੈਰ ਵਿਹਾਰਕ ਤੇ ਗੈਰ ਵਿਗਿਆਨਕ ਹੁਕਮ ਲੋਕਾਂ ਦਾ ਸਰਕਾਰ ਵਿੱਚ ਭਰੋਸਾ ਡੇਗਣ ਅਤੇ ਕਰੋਨਾ ਫੈਲਾਉਣ ਦਾ ਕਾਰਨ ਬਣੇ। ਛੇ ਮਹੀਨੇ ਉਪਰੰਤ ਹੁਣ ਆ ਕੇ ਘਰ ਵਿੱਚ ਇਕਾਂਤਵਾਸ ਨੂੰ ਮਨਜ਼ੂਰੀ ਦੇਣਾ, ਹੁਣ ਘਰ-ਘਰ ਦੌਰਾ ਕਰ ਕੇ ਕੰਟੈਕਟ ਟਰੇਸ ਕਰਨ ਲਈ ਕਹਿਣਾ ਆਪਣੇ ਆਪ ਵਿੱਚ ਮੁੱਢਲੀ ਸੋਚ ਤੇ ਸਮਝ ਦੇ ਗਲਤ ਹੋਣ ਦਾ ਪ੍ਰਤੀਕ ਹਨ। ਅਜੇ ਵੀ ਸਰਵੇਖਣ ਵਾਸਤੇ ਕੋਈ ਪੁਖਤਾ ਪ੍ਰੋਫਾਰਮਾ ਨਾ ਹੋਣਾ ਸੁਸਤ ਅਤੇ ਗੈਰਵਿਗਿਆਨਕ ਪਹੁੰਚ ਦਾ ਪੁਖਤਾ ਸਬੂਤ ਹੈ। ਸੰਸਾਰ ਦੇ ਤਜਰਬਿਆਂ ਦੇ ਬਾਵਜੂਦ ਮਾਮੂਲੀ ਤੇ ਦਰਮਿਆਨੇ ਲੱਛਣਾਂ ਵਾਲਿਆਂ ਨੂੰ ਘਰ ਵਿੱਚ ਇਕਾਂਤਵਾਸ ਕਰਨ ਦਾ ਫੈਸਲਾ ਕਰਨ ਵਿੱਚ ਛੇ ਮਹੀਨੇ ਲਾ ਦੇਣੇ ਅਣਗਹਿਲੀ ਦੀ ਮਿਸਾਲ ਹੈ। ਜਾਨ ਹੈ ਤਾਂ ਜਹਾਨ ਹੈ ਤੋਂ ਰਸਤਾ ਬਦਲ ਕੇ ਕਰੋਨਾ ਵੀ ਭਜਾਉਣਾ ਹੈ ਤੇ ਅਰਥਚਾਰਾ ਵੀ ਚਲਾਉਣਾ ਹੈ ਵੱਲ ਆਉਣਾ ਯੁੱਧਨੀਤੀ ਦੇ ਗਲਤ ਹੋਣ ਨੂੰ ਸਪਸ਼ਟ ਕਰ ਦਿੰਦਾ ਹੈ। ਲੌਕਡਾਊਨ ਵੇਲੇ 499 ਮਾਮਲੇ ਅਤੇ 10 ਮੌਤਾਂ ਤੋਂ ਅਸੀਂ ਸਤੰਬਰ ਦੇ ਅੱਧ ਤੱਕ 50 ਲੱਖ ਕੇਸਾਂ ਅਤੇ 80 ਹਜ਼ਾਰ ਮੌਤਾਂ ਦੀ ਗਿਣਤੀ ਨੂੰ ਪਾਰ ਕਰ ਗਏ ਹਾਂ। ਜੇ ਇਹ ਸਫਲਤਾ ਹੈ ਤਾਂ ਅਸਫਲਤਾ ਦੀ ਵੀ ਕੋਈ ਨਵੀਂ ਪਰਿਭਾਸ਼ਾ ਲੱਭਣੀ ਪਵੇਗੀ। ਸਰਕਾਰਾਂ ਦਾ ਸੰਸਥਾਗਤ ਢਾਂਚਾ ਜ਼ਰਜ਼ਰ ਕਰ ਦਿੱਤਾ ਗਿਆ, ਸੂਬਿਆਂ ਕੋਲ ਫੈਸਲੇ ਲੈਣ ਦੀ ਤਾਕਤ ਖੁੱਸੀ ਰਹਿਣ ਕਰਕੇ ਹੁਣ ਉਲਝੀ ਤਾਣੀ ਵਿੱਚ ਸੂਬੇ ਫੈਸਲੇ ਲੈਣ ਤੋਂ ਹੀ ਝਿਜਕ ਰਹੇ ਹਨ। ਹੁਣ 15,97,430 ਬੱਚਿਆਂ ਸਮੇਤ 50 ਲੱਖ ਲੋਕਾਂ ਨੂੰ 3842 ਕੇਂਦਰਾਂ ਉਪਰ ਇੱਕੋ ਦਿਨ ਇਕੱਤਰ ਕਰਕੇ ਨੀਟ ਦਾ ਇਮਤਿਹਾਨ ਕਰਨ ਦੀ ਜ਼ਿੱਦ ਨੇ ਸਰਕਾਰ ਦੇ ਚਿਹਰੇ ਤੋਂ ਪਰਦਾ ਚੁੱਕ ਦਿੱਤਾ ਹੈ। ਕਰੋਨਾ ਬਾਬਤ ਸਰਕਾਰ ਵੱਲੋਂ ਫੈਲਾਇਆ ਸਾਰਾ ਡਰ, ਭੈਅ ਅਤੇ ਸਹਿਮ ਝੂਠਾ ਅਤੇ ਗੈਰ ਤਰਕਸੰਗਤ ਪ੍ਰਤੀਤ ਹੁੰਦਾ ਹੈ।
ਸੰਪਰਕ: 99145-05009