ਡਾ. ਪਿਆਰੇ ਲਾਲ ਗਰਗ
ਕਰੋਨਾ ਟੈਸਟਾਂ ਬਾਰੇ ਲੋਕਾਂ ਨੂੰ ਸਹੀ ਜਾਣਕਾਰੀ ਨਾ ਹੋਣ ਕਾਰਨ ਵੀ ਭੰਬਲਭੂਸਾ ਬਣਿਆ ਹੋਇਆ। ਇਸ ਸਬੰਧੀ ਲੋਕਾਂ ਨੂੰ ਜਾਗਰੂਕ ਕਰਨ ਦੀ ਲੋੜ ਹੈ।
ਕਰੋਨਾ ਟੈਸਟ, ਜਿਸ ਨੂੰ ਆਰ.ਟੀ-ਪੀ.ਸੀ.ਆਰ ਕਹਿੰਦੇ ਹਨ, ਵਿੱਚ ਨੱਕ ਜਾਂ ਸਾਹ ਪ੍ਰਣਾਲੀ ’ਚੋਂ ਲਏ ਸੈਂਪਲ ’ਚੋਂ ਕਰੋਨਾਵਾਇਰਸ ਦਾ ਆਰ.ਐੱਨ.ਏ ਵੇਖਿਆ ਜਾਂਦਾ ਹੈ। ਇਸ ਟੈਸਟ ਦੀ ਭਰੋਸੇਯੋਗਤਾ 100 ਫ਼ੀਸਦੀ ਨਹੀਂ। ਇਸ ਦੀ ਰਿਪੋਰਟ ਕਈ ਵਾਰ ਗ਼ਲਤ ਆ ਜਾਂਦੀ ਹੈ। ਕਿਸੇ ਨੂੰ ਨੈਗੇਟਿਵ ਐਲਾਨਣ ਵਾਸਤੇ ਉਸ ਦੀ ਰਿਪੋਰਟ ਦੋ ਵਾਰ ਨੈਗੇਟਿਵ ਆਉਣੀ ਜ਼ਰੂਰੀ ਹੈ। ਕਈ ਵਾਰ ਸੈਂਪਲ ਸਹੀ ਨਹੀਂ ਲੈ ਹੁੰਦਾ ਜਾਂ ਹੋਰ ਟਰਾਂਸਪੋਰਟ, ਪ੍ਰੋਸੈਸਿੰਗ ਅਤੇ ਟੈਸਟ ਦੀ ਪ੍ਰਕਿਰਿਆ ਵਿੱਚ ਕਈ ਕਾਰਨ ਬਣ ਜਾਂਦੇ ਹਨ, ਜਿਸ ਨਾਲ ਰਿਪੋਰਟ ਗ਼ਲਤ ਆ ਜਾਂਦੀ ਹੈ।
ਗ਼ਲਤੀ ਨਾਲ ਪਾਜ਼ੇਟਿਵ ਆਉਣ ਨੂੰ ਵਿਗਿਆਨਿਕ ਤੌਰ ’ਤੇ ਬਹੁਤੀ ਵੱਡੀ ਗੱਲ ਨਹੀਂ ਸਮਝਿਆ ਜਾਂਦਾ ਕਿਉਂ ਜੋ ਨੈਗੇਟਿਵ ਐਲਾਨ ਕੇ ਸਮਾਜ ਵਿਚ ਕਰੋਨਾ ਲਾਗ ਫੈਲਾਉਣ ਲਈ ਛੱਡ ਦੇਣ ਨਾਲੋਂ ਚੰਗਾ ਹੈ ਕਿ ਬਿਨਾਂ ਲੱਛਣਾਂ ਵਾਲੇ ਨੂੰ ਇਕਾਂਤਵਾਸ ਕਰ ਦਿੱਤਾ ਜਾਵੇ। ਸਾਡਾ ਦੁਖਾਂਤ ਹੈ ਕਿ ਉਹ ਲੋਕ ਜਿਨ੍ਹਾਂ ਨੂੰ ਡਾਕਟਰੀ ਵਿਗਿਆਨ, ਵਾਇਰਸਾਂ ਜਾਂ ਇਲਾਜ ਦਾ ਕੋਈ ਗਿਆਨ ਨਹੀਂ ਹੁੰਦਾ, ਉਹ ਹੀ ਅਜਿਹੇ ਫ਼ੈਸਲੇ ਕਰਦੇ ਹਨ। ਅਜਿਹੇ ਲੋਕ ਹੀ ਅਫ਼ਵਾਹਾਂ ਫੈਲਾਉਂਦੇ ਹਨ। ਸਰਕਾਰ ਦੀ ਭਰੋਸੇਯੋਗਤਾ ’ਤੇ ਪ੍ਰਸ਼ਨ ਚਿੰਨ੍ਹ ਹੋਣ ਕਾਰਨ ਇਹ ਲੋਕ ਜ਼ਿਆਦਾ ਸਫ਼ਲ ਹੋ ਜਾਂਦੇ ਹਨ।
ਜਾਣ ਬੁੱਝ ਕੇ ਝੂਠੀ ਰਿਪੋਰਟ ਦੇਣ ਵਾਲਿਆਂ ’ਤੇ ਲਗਾਮ ਕੱਸਣ ਦੀ ਲੋੜ ਹੈ। ਕੁਝ ਲੋਕ ਬਾਹਰ ਜਾਣ ਵਾਸਤੇ ਰਿਪੋਰਟ ਨੈਗੇਟਿਵ ਲਿਆਉਣ ਲਈ ਤਰਲੇ ਕੱਢਦੇ ਹਨ। ਸਿਆਸੀ ਦਖਲਅੰਦਾਜ਼ੀ ਕਰਕੇ ਧੱਕੇ ਨਾਲ ਬਾਹਰ ਜਾਣ ਦੇ ਚਾਹਵਾਨਾਂ ਦੇ ਟੈਸਟ ਕਰਨ ਲਈ ਸਰਕਾਰੀ ਡਾਕਟਰੀ ਅਮਲੇ ਨੂੰ ਮਜਬੂਰ ਕਰਨ ਜਾਂ ਸਿਆਸੀ ਤਾਕਤ ਨਾਲ ਉਨ੍ਹਾਂ ਨੂੰ ਸਜ਼ਾ ਦਿਵਾਉਣ ਤੋਂ ਗੁਰੇਜ਼ ਦੀ ਲੋੜ ਹੈ। ਪੰਜਾਬ ਵਿੱਚ ਪਹਿਲਾਂ ਹੀ ਡਾਕਟਰਾਂ ਦੀ ਬੇਹੱਦ ਘਾਟ ਹੈ, ਇਸ ਤਰ੍ਹਾਂ ਕਰਨ ਨਾਲ ਘਾਟ ਹੋਰ ਵੀ ਵਧ ਜਾਵੇਗੀ।
ਰੈਪਿਡ ਟੈਸਟ ਰਾਹੀਂ ਐਂਟੀਬਾਡੀਜ਼ ਵੇਖਣ ਲਈ ਟੈਸਟ ਕਰਨ ਸਬੰਧੀ ਪਹਿਲਾਂ ਸਬੰਧਤ ਖੇਤਰ ਦੀ ਪੰਚਾਇਤ ਅਤੇ ਲੋਕ ਨੁਮਾਇੰਦਿਆਂ ਨੂੰ ਸਰਕਾਰੀ ਅਮਲੇ ਵੱਲੋਂ ਭਰੋਸੇ ਵਿੱਚ ਲੈਣਾ ਚਾਹੀਦਾ ਹੈ। ਇਸ ਮਗਰੋਂ ਹੀ ਟੈਸਟ ਲਈ ਟੀਮਾਂ ਭੇਜੀਆਂ ਜਾਣੀਆਂ ਚਾਹੀਦੀਆਂ ਹਨ। ਇਨ੍ਹਾਂ ਟੀਮਾਂ ਨੂੰ ਪੁਲੀਸ ਨਾਲ ਜਾਂ ਬਿਨਾਂ ਦੱਸੇ ਛਾਪਾ ਮਾਰਨ ਦੀ ਸ਼ਕਲ ਵਿੱਚ ਨਹੀਂ ਜਾਣਾ ਚਾਹੀਦਾ। ਟੈਸਟ ਕਰਵਾਉਣੇ ਹਨ ਜਾਂ ਨਹੀਂ, ਇਹ ਲੋਕਾਂ ਦੀ ਮਰਜ਼ੀ ਹੈ।
ਸੰਪਰਕ: 99145-05009