ਪਟਿਆਲਾ (ਖੇਤਰੀ ਪ੍ਰਤੀਨਿਧ): ਸਰਕਾਰੀ ਰਾਜਿੰਦਰਾ ਹਸਪਤਾਲ ਪਟਿਆਲਾ ਵਿਚਲੀ ਕੋਵਿਡ ਵਾਰਡ ਵਿਚੋਂ ਕਰੋਨਾ ਪੀੜਤ ਗੰਭੀਰ ਹਾਲਤ ਵਾਲੇ ਮਰੀਜ਼ਾਂ ਦੇ ਲਾਏ ਜਾਣ ਵਾਲ਼ੇ ਛੇ ਟੀਕੇ ਚੋਰੀ ਹੋ ਗਏ। ਤੋਸੀਲੀਜ਼ੁਮੈਬ ਨਾਮੀ ਇਸ ਇੱਕ ਟੀਕੇ ਦੀ ਕੀਮਤ 33 ਹਜ਼ਾਰ ਰੁਪਏ ਦੱਸੀ ਜਾ ਰਹੀ ਹੈ। ਇਸ ਤਰ੍ਹਾਂ ਕੁਲ 1.98 ਲੱਖ ਦੇ ਟੀਕੇ ਚੋਰੀ ਹੋ ਗਏ। ਜੇਕਰ ਕਰੋਨਾ ਤੋਂ ਪੀੜਤ ਮਰੀਜ਼ ਨੂੰ ਬੁਖਾਰ ਉੱਤਰਨ ਮਗਰੋਂ ਵੀ ਸਾਹ ਲੈਣ ’ਚ ਮੁਸ਼ਕਲ ਆਉਂਦੀ ਹੋਵੇ, ਤਾਂ ਇਹ ਟੀਕਾ ਲਾਇਆ ਜਾਂਦਾ ਹੈ। ਸੂਤਰਾਂ ਅਨੁਸਾਰ ਇਹ ਟੀਕੇ ਕੁਝ ਦਿਨ ਹੀ ਪਹਿਲਾਂ ਰਾਜਿੰਦਰਾ ਹਸਪਤਾਲ ਵਿਚਲੀ ‘ਮਦਰ ਐਂਡ ਚਾਈਲਡ ਕੇਅਰ ਸੈਂਟਰ’ ਵਿਚ ਸਥਿਤ ਕੋਵਿਡ ਮਰੀਜ਼ਾਂ ਲਈ ਸਥਾਪਤ ਵਾਰਡ ਵਿਚੋਂ ਗਾਇਬ ਹੋਏ ਹਨ। ਪੰਜਾਬ ਸਰਕਾਰ ਵੱਲੋਂ ਇਹ ਟੀਕੇ ਪਟਿਆਲਾ, ਅੰਮ੍ਰਿਤਸਰ ਅਤੇ ਫਰੀਦਕੋਟ ਵਿਖੇ ਸਥਿਤ ਗੌਰਮਿੰਟ ਮੈਡੀਕਲ ਕਾਲਜਾਂ ਨੂੰ ਮੁਹੱਈਆ ਕਰਵਾਏ ਗਏ ਸਨ। ਮੈਡੀਕਲ ਸੁਪਰਡੈਂਟ ਡਾ. ਐੱਚਐੱਸ ਰੇਖੀ ਨੇ ਆਖਿਆ ਕਿ ਟੀਕੇ ਗਾਇਬ ਹੋਣ ਦੀ ਜਾਣਕਾਰੀ ਐੱਸਐੱਸਪੀ ਡਾ. ਸੰਦੀਪ ਗਰਗ ਨੂੰ ਦੇ ਦਿੱਤੀ ਗਈ। ਐੱਸਐੱਸਪੀ ਨੇ ਆਖਿਆ ਕਿ ਭਲਕੇ ਕੇਸ ਦਰਜ ਜਾਵੇਗਾ, ਜਿਸ ਮਗਰੋਂ ਬਾਰੀਕੀ ਨਾਲ ਜਾਂਚ ਕੀਤੀ ਜਾਵੇਗੀ