ਨਵੀਂ ਦਿੱਲੀ, 26 ਮਈ
ਦੇਸ਼ ’ਚ ਪਿਛਲੇ 24 ਘੰਟਿਆਂ ਦੌਰਾਨ ਕਰੋਨਾ ਦੇ 2,08,921 ਕੇਸ ਸਾਹਮਣੇ ਆਏ ਹਨ ਜਿਸ ਨਾਲ ਲਾਗ ਤੋਂ ਪੀੜਤ ਵਿਅਕਤੀਆਂ ਦੀ ਕੁੱਲ ਗਿਣਤੀ ਵਧ ਕੇ 2,71,57,795 ਹੋ ਗਈ ਹੈ। ਕੇਂਦਰੀ ਸਿਹਤ ਮੰਤਰਾਲੇ ਦੇ ਅੰਕੜਿਆਂ ਮੁਤਾਬਕ ਕਰੋਨਾ ਦੇ ਇਕ ਦਿਨ ’ਚ ਸਭ ਤੋਂ ਜ਼ਿਆਦਾ 22,17,320 ਟੈਸਟ ਕੀਤੇ ਗਏ।
ਦੇਸ਼ ’ਚ ਮੰਗਲਵਾਰ ਤੱਕ 33,48,11,496 ਟੈਸਟ ਹੋ ਚੁੱਕੇ ਹਨ। ਉਂਜ ਪਿਛਲੇ 24 ਘੰਟਿਆਂ ਦੌਰਾਨ 4,157 ਹੋਰ ਮੌਤਾਂ ਨਾਲ ਕਰੋਨਾ ਕਾਰਨ ਮ੍ਰਿਤਕਾਂ ਦਾ ਅੰਕੜਾ 3,11,388 ’ਤੇ ਪਹੁੰਚ ਗਿਆ ਹੈ। ਮੰਤਰਾਲੇ ਨੇ ਕਿਹਾ ਕਿ ਰੋਜ਼ਾਨਾ ਦੀ ਪਾਜ਼ੇਟੀਵਿਟੀ ਦਰ ਘਟ ਕੇ 9.42 ਫ਼ੀਸਦ ’ਤੇ ਆ ਗਈ ਹੈ। ਲਗਾਤਾਰ ਦੂਜੇ ਦਿਨ ਪਾਜ਼ੇਟੀਵਿਟੀ ਦਰ 10 ਫ਼ੀਸਦ ਤੋਂ ਘੱਟ ਦਰਜ ਹੋਈ ਹੈ। ਪਿਛਲੇ 24 ਘੰਟਿਆਂ ਦੌਰਾਨ ਸਰਗਰਮ ਕੇਸਾਂ ਦੀ ਗਿਣਤੀ ਵੀ 24,95,591 ’ਤੇ ਪਹੁੰਚ ਗਈ ਹੈ। ਅੰਕੜਿਆਂ ਮੁਤਾਬਕ ਲਾਗ ਤੋਂ 2,95,955 ਮਰੀਜ਼ ਤੰਦਰੁਸਤ ਹੋਏ ਹਨ ਜਿਸ ਨਾਲ ਹੁਣ ਤੱਕ 2,43,50,816 ਵਿਅਕਤੀ ਸਿਹਤਯਾਬ ਹੋ ਚੁੱਕੇ ਹਨ। ਕੌਮੀ ਕੋਵਿਡ-19 ਰਿਕਵਰੀ ਦਰ ਵੀ ਸੁਧਰ ਕੇ 89.66 ਫ਼ੀਸਦ ਹੋ ਗਈ ਹੈ। -ਪੀਟੀਆਈ
ਯੂਪੀ: 20 ਵਿਅਕਤੀਆਂ ਨੂੰ ਕਰੋਨਾ ਵੈਕਸੀਨ ਦੀ ਦੂਜੀ ਡੋਜ਼ ਗਲਤ ਮਿਲੀ
ਸਿਧਾਰਥਨਗਰ (ਯੂਪੀ): ਇੱਕ ਵੱਡੀ ਗਲਤੀ ਕਰਦਿਆਂ ਉੱਤਰ ਪ੍ਰਦੇਸ਼ ਦੇ ਸਿਧਾਰਥਨਗਰ ਜ਼ਿਲ੍ਹੇ ਵਿੱਚ ਸਿਹਤ ਕਾਮਿਆਂ ਨੇ ਪਿੰਡਾਂ ਦੇ ਵਸਨੀਕ 20 ਜਣਿਆਂ ਨੂੰ ‘ਕੋਵੈਕਸੀਨ’ ਦੇ ਟੀਕੇ ਲਾ ਦਿੱਤੇ ਜਦਕਿ ਉਨ੍ਹਾਂ ਨੂੰ ਪਹਿਲੀ ਡੋਜ਼ ‘ਕੋਵੀਸ਼ੀਲਡ’ ਦੀ ਦਿੱਤੀ ਗਈ ਸੀ। ਇਹ ਘਟਨਾ ਬਰਹਨੀ ਵਿੱਚ ਸਥਿਤ ਮੁੱਢਲੇ ਸਿਹਤ ਕੇਂਦਰ ਵਾਪਰੀ ਦੱਸੀ ਜਾ ਰਹੀ ਹੈ ਜਿੱਥੇ ਔਦਹੀ ਕਲਾ ਤੇ ਹੋਰ ਪਿੰਡਾਂ ਦੇ ਲੋਕਾਂ ਨੂੰ 14 ਮਈ ਨੂੰ ਕੋਵੈਕਸੀਨ ਦੇ ਟੀਕੇ ਲਾਏ ਗਏ। ਮੁੱਖ ਮੈਡੀਕਲ ਅਫ਼ਸਰ ਸੰਦੀਪ ਚੌਧਰੀ ਨੇ ਦੱਸਿਆ ਕਿ ਉਨ੍ਹਾਂ ਮਾਮਲੇ ਦੀ ਜਾਂਚ ਦੇ ਹੁਕਮ ਦੇ ਦਿੱਤੇ ਹਨ। ਉਨ੍ਹਾਂ ਅਣਗਹਿਲੀ ਲਈ ਜ਼ਿੰਮੇਵਾਰ ਵਿਅਕਤੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਦਾ ਯਕੀਨ ਦਿਵਾਇਆ। ਉਨ੍ਹਾਂ ਦੱਸਿਆ ਕਿ ਇਨ੍ਹਾਂ ਵਿਅਕਤੀਆਂ ’ਚੋਂ ਅਜੇ ਤੱਕ ਕਿਸੇ ਨੂੰ ਵੀ ਸਿਹਤ ਸਬੰਧੀ ਕੋਈ ਸਮੱਸਿਆ ਨਹੀਂ ਆਈ ਹੈ ਤੇ ਸਿਹਤ ਵਿਭਾਗ ਦੀ ਟੀਮ ਪਹਿਲਾਂ ਹੀ ਉਨ੍ਹਾਂ ਨੂੰ ਮਿਲ ਚੁੱਕੀ ਹੈ। ਇਹ ਮਾਮਲਾ ਉਸ ਸਮੇਂ ਸਾਹਮਣੇ ਆਇਆ ਜਦੋਂ ਰਾਮ ਸੂਰਤ ਨਾਮੀਂ ਇੱਕ ਪਿੰਡ ਵਾਸੀ ਨੇ ਸਿਹਤ ਕਾਮਿਆਂ ਦੇ ਧਿਆਨ ਵਿੱਚ ਇਹ ਗੱਲ ਲਿਆਂਦੀ ਕਿ ਉਸ ਨੂੰ ਪਹਿਲੀ ਤੇ ਦੂਜੀ ਡੋਜ਼ ਵਜੋਂ ਵੱਖ-ਵੱਖ ਟੀਕੇ ਲਾਏ ਗਏ ਹਨ। ਸਿਹਤ ਕਾਮਿਆਂ ਵੱਲੋਂ ਹੋਈ ਗਲਤੀ ਨੂੰ ਮੰਨਦਿਆਂ ਸੀਐੱਮਓ ਨੇ ਕਿਹਾ ਕਿ 20 ਜਣਿਆਂ ਨੂੰ ਦੋਵੇਂ ਕਿਸਮ ਦੇ ਟੀਕੇ ਲਾ ਦਿੱਤੇ ਗਏ ਹਨ ਤੇ ਮੈਡੀਕਲ ਟੀਮਾਂ ਉਨ੍ਹਾਂ ਦਾ ਧਿਆਨ ਰੱਖ ਰਹੀਆਂ ਹਨ। -ਪੀਟੀਆਈ
ਬਲੈਕ ਫੰਗਸ: ਜ਼ਾਇਡਸ ਕੈਡਿਲਾ ਤੇ ਟੀਐੱਲਸੀ ਵੱਲੋਂ ਦਵਾਈ ਬਾਜ਼ਾਰ ’ਚ ਲਿਆਉਣ ਲਈ ਸਮਝੌਤਾ ਸਹੀਬੱਧ
ਨਵੀਂ ਦਿੱਲੀ: ਜ਼ਾਇਡਸ ਕੈਡਿਲਾ ਅਤੇ ਤਾਇਵਾਨ ਦੀ ਫਾਰਮਾਸਿਊਟੀਕਲ ਫਰਮ ਟੀਐੱਲਸੀ ਨੇ ਭਾਰਤ ਵਿੱਚ ਬਲੈਕ ਫੰਗਸ ਦੇ ਇਲਾਜ ਲਈ ਡਰੱਗ ਲਿਪੋਸੋਮਲ ਐਮਫੋਟੈਰੀਸਿਨ ਬੀ ਬਾਜ਼ਾਰ ਵਿੱਚ ਲਿਆਉਣ ਲਈ ਸਮਝੌਤਾ ਸਹੀਬੱਧ ਕੀਤਾ ਹੈ। ਕੈਡਿਲਾ ਹੈਲਥਕੇਅਰ ਦੇ ਐੱਮਡੀ ਸ਼ਰਵਿਲ ਪਟੇਲ ਨੇ ਕਿਹਾ,‘ਭਾਰਤ ਵਿੱਚ ਮਿਊਕਰਮਾਇਕੋਸਿਸ (ਬਲੈਕ ਫੰਗਸ) ਦੇ ਇਲਾਜ ਲਈ ਦਵਾਈ ਦੀ ਭਾਰੀ ਕਿੱਲਤ ਕਾਰਨ ਅਸੀਂ ਫੌਰੀ ਆਧਾਰ ’ਤੇ ਇਹ ਦਵਾਈ ਤਿਆਰ ਕਰਾਂਗੇ।’ -ਪੀਟੀਆਈ
ਕਰੋਨਾ: ਪੰਜਾਬ ਵਿੱਚ 186 ਅਤੇ ਹਰਿਆਣਾ ’ਚ 106 ਮੌਤਾਂ
ਚੰਡੀਗੜ੍ਹ (ਟਨਸ): ਪੰਜਾਬ ਵਿੱਚ ਬੀਤੇ 24 ਘੰਟਿਆਂ ਵਿੱਚ ਕਰੋਨਾ ਕਾਰਨ 186 ਅਤੇ ਹਰਿਆਣਾ ’ਚ 106 ਲੋਕਾਂ ਦੀ ਮੌਤ ਹੋ ਗਈ ਹੈ। ਪੰਜਾਬ ਵਿੱਚ ਕਰੋਨਾ ਨਾਲ ਮਰਨ ਵਾਲਿਆਂ ਦੀ ਗਿਣਤੀ ਦਾ ਅੰਕੜਾ 13827 ਅਤੇ ਹਰਿਆਣਾ ਵਿੱਚ 7841 ’ਤੇ ਪਹੁੰਚ ਗਿਆ ਹੈ। ਸਿਹਤ ਵਿਭਾਗ ਅਨੁਸਾਰ ਪੰਜਾਬ ਵਿੱਚ 4124 ਨਵੇਂ ਪਾਜ਼ੇਟਿਵ ਕੇਸ ਪਾਏ ਗਏ ਹਨ ਜਦਕਿ 6397 ਨੂੰ ਠੀਕ ਹੋਣ ਤੋਂ ਬਾਅਦ ਛੁੱਟੀ ਦੇ ਦਿੱਤੀ ਗਈ ਹੈ। ਹਾਲ ਦੀ ਘੜੀ ਪੰਜਾਬ ਵਿੱਚ 50,549 ਐਕਟਿਵ ਕੇਸ ਹਨ ਜਿਨ੍ਹਾਂ ਵਿਚੋਂ 354 ਦੀ ਹਾਲਤ ਗੰਭੀਰ ਹੈ। ਸਿਹਤ ਵਿਭਾਗ ਅਨੁਸਾਰ 24 ਘੰਟਿਆ ’ਚ ਲੁਧਿਆਣਾ ਤੇ ਪਟਿਆਲਾ ’ਚ 20-20, ਸੰਗਰੂਰ ’ਚ 15, ਅੰਮ੍ਰਿਤਸਰ, ਬਠਿੰਡਾ ਤੇ ਫਾਜ਼ਿਲਕਾ ’ਚ 14-14, ਜਲੰਧਰ ’ਚ 11; ਮੁਕਤਸਰ ਤੇ ਪਠਾਨਕੋਟ ’ਚ 10-10, ਬਰਨਾਲਾ ਅਤੇ ਗੁਰਦਾਸਪੁਰ ’ਚ 8-8, ਮੁਹਾਲੀ ’ਚ 7, ਹੁਸ਼ਿਆਰਪੁਰ ਤੇ ਮਾਨਸਾ ’ਚ 6-6, ਫਿਰੋਜ਼ਪੁਰ, ਕਪੂਰਥਲਾ ਅਤੇ ਤਰਨਤਾਰਨ ’ਚ 5-5, ਮੋਗਾ ’ਚ 4, ਫਤਹਿਗੜ੍ਹ ਸਾਹਿਬ ’ਚ 3 ਅਤੇ ਰੋਪੜ ’ਚ ਇਕ ਜਣੇ ਦੀ ਮੌਤ ਕਰੋਨਾ ਕਾਰਨ ਹੋ ਗਈ ਹੈ। ਦੂਜੇ ਪਾਸੇ ਹਰਿਆਣਾ ਵਿੱਚ ਅੱਜ 3138 ਨਵੇਂ ਕੇਸ ਸਾਹਮਣੇ ਆਏ ਹਨ ਜਦਕਿ 5476 ਨੂੰ ਠੀਕ ਹੋਣ ਬਾਅਦ ਘਰ ਪੇਜ ਦਿੱਤਾ ਗਿਆ। ਹਾਲ ਦੀ ਘੜੀ ਸੂਬੇ ’ਚ 31,644 ਐਕਟਿਵ ਕੇਸ ਹਨ।