ਸ਼ਗਨ ਕਟਾਰੀਆ
ਬਠਿੰਡਾ, 17 ਜੂਨ
ਜ਼ਿਲ੍ਹਾ ਬਠਿੰਡਾ ’ਚ ਕਰੋਨਾ ਨਾਲ ਫਰੰਟ ’ਤੇ ਲੜਾਈ ਲੜਨ ਵਾਲਿਆਂ ਵਿੱਚੋਂ 5 ਜਣੇ ਕਰੋਨਾ ਦੇ ਘੇਰੇ ’ਚ ਆ ਗਏ ਹਨ। ਇਨ੍ਹਾਂ ਵਿੱਚੋਂ 4 ਪੁਲੀਸ ਮੁਲਾਜ਼ਮ ਅਤੇ ਇਕ ਏਮਜ਼ ’ਚ ਤਾਇਨਾਤ ਸਿਹਤ ਕਰਮੀ ਹੈ। ਅੱਜ ਇਨ੍ਹਾਂ ਪੰਜਾਂ ਦੀ ਰਿਪੋਰਟ ਪਾਜ਼ੇਟਿਵ ਆਉਣ ਨਾਲ ਹੁਣ ਜ਼ਿਲ੍ਹੇ ’ਚ ਕਰੋਨਾ ਦੇ ਮਰੀਜ਼ਾਂ ਦੀ ਗਿਣਤੀ 7 ਹੋ ਗਈ ਹੈ।
ਸਿਵਲ ਸਰਜਨ ਬਠਿੰਡਾ ਡਾ. ਅਮਰੀਕ ਸਿੰਘ ਸੰਧੂ ਅਨੁਸਾਰ ਅੱਜ ਦੇ ਮਰੀਜ਼ਾਂ ਦੀ ਪੁਸ਼ਟੀ ਫ਼ਰੀਦਕੋਟ ਲੈਬਾਰਟਰੀ ਤੋਂ ਆਈਆਂ ਰਿਪੋਰਟਾਂ ਰਾਹੀਂ ਹੋਈ ਹੈ। ਉਨ੍ਹਾਂ ਦੱਸਿਆ ਕਿ ਹੁਣ ਤੱਕ ਜ਼ਿਲ੍ਹੇ ਅੰਦਰ ਕੁੱਲ 64 ਮਰੀਜ਼ਾਂ ਦੀ ਪੁਸ਼ਟੀ ਹੋਈ ਹੈ। ਇਨ੍ਹਾਂ ਵਿਚੋਂ 5 ਵਿਅਕਤੀ ਹੋਰਨਾਂ ਜ਼ਿਲ੍ਹਿਆਂ ਜਾਂ ਰਾਜਾਂ ਨਾਲ ਸਬੰਧਤ ਸਨ। ਉਨ੍ਹਾਂ ਕਿਹਾ ਕਿ ਅੱਜ ਪਾਜ਼ੇਟਿਵ ਆਏ 5 ਮਰੀਜ਼ਾਂ ਸਮੇਤ ਮੌਜੂਦਾ ਗਿਣਤੀ ਕੁੱਲ 7 ਮਰੀਜ਼ਾਂ ਦੀ ਹੈ।
ਜ਼ਿਲ੍ਹਾ ਪੁਲੀਸ ਮੁਖੀ ਡਾ. ਨਾਨਕ ਸਿੰਘ ਨੇ ਚਾਰ ਪੁਲੀਸ ਮੁਲਾਜ਼ਮਾਂ ਦੇ ਪਾਜ਼ੇਟਿਵ ਆਉਣ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਜ਼ਿਲ੍ਹੇ ’ਚੋਂ ਕੁੱਲ 500 ਪੁਲੀਸ ਮੁਲਾਜ਼ਮਾਂ ਦੇ ਨਮੂਨੇ ਲੈ ਕੇ ਜਾਂਚ ਲਈ ਭੇਜੇ ਗਏ ਸਨ। ਇਨ੍ਹਾਂ ’ਚੋਂ 2 ਮਹਿਲਾ ਤੇ 2 ਪੁਰਸ਼ ਕਰਮਚਾਰੀਆਂ ਦੀ ਪੁਸ਼ਟੀ ਕਰੋਨਾ ਮਰੀਜ਼ਾਂ ਵਜੋਂ ਹੋਈ ਹੈ। ਇਨ੍ਹਾਂ ਦੀ ਤਾਇਨਾਤੀ ਥਾਣਾ ਸਦਰ, ਥਾਣਾ ਮਹਿਲਾ, ਥਾਣਾ ਸਿਵਲ ਲਾਈਨ ਤੇ ਵਰਧਮਾਨ ਚੌਕੀ ਵਿਚ ਸੀ। ਉਨ੍ਹਾਂ ਦੱਸਿਆ ਕਿ ਮਹਿਲਾ ਥਾਣੇ ਦੇ ਸਮੂਹ 25 ਕਰਮਚਾਰੀਆਂ ਨੂੰ ਇਕਾਂਤਵਾਸ ਕਰਨ ਮਗਰੋਂ ਥਾਣੇ ਨੂੰ ਸੈਨੇਟਾਈਜ਼ ਕਰਕੇ ਨਵੇਂ ਐੱਸਐੱਚਓ ਦੀ ਤਾਇਨਾਤੀ ਕੀਤੀ ਜਾ ਰਹੀ ਹੈ। ਵਰਧਮਾਨ ਚੌਕੀ ਦੇ 16 ਕਰਮਚਾਰੀਆਂ ਸਣੇ ਕਰੀਬ 50 ਮੁਲਾਜ਼ਮਾਂ ਨੂੰ ਇਕਾਂਤਵਾਸ ਕੀਤਾ ਗਿਆ ਹੈ। ਸਦਰ ਥਾਣੇ ਵਾਲੇ ਮੁਲਾਜ਼ਮ ਦੀ ਡਿਊਟੀ ਨਾਕੇ ’ਤੇ ਸੀ। ਇਸ ਲਈ ਉਸ ਦੇ ਨਾਲ ਨਾਕੇ ’ਤੇ ਤਾਇਨਾਤ 4 ਹੋਰਨਾਂ ਕਰਮਚਾਰੀਆਂ ਨੂੰ ਵੀ ਇਕਾਂਤਵਾਸ ਕੀਤਾ ਗਿਆ ਹੈ।