ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ, 25 ਜੂਨ
ਅੰਮ੍ਰਿਤਸਰ ਵਿਚ ਕਰੋਨਾ ਪੀੜਤਾਂ ਦੀ ਨਿਰੰਤਰ ਵਧ ਰਹੀ ਗਿਣਤੀ ਸਬੰਧੀ ਅੱਜ ਉੱਚ ਪੱਧਰੀ ਮੀਟਿੰਗ ਮੈਡੀਕਲ ਸਿੱਖਿਆ ਬਾਰੇ ਮੰਤਰੀ ਓਪੀ ਸੋਨੀ ਦੀ ਅਗਵਾਈ ਹੇਠ ਹੋਈ। ਇਸ ਦੌਰਾਨ ਫ਼ੈਸਲਾ ਲਿਆ ਗਿਆ ਕਿ ਕਰੋਨਾ ਦੀ ਚੇਨ ਤੋੜਨ ਲਈ ਟੈਸਟਾਂ ਦੇ ਨਤੀਜੇ 24 ਘੰਟੇ ਵਿਚ ਜਾਰੀ ਕੀਤੇ ਜਾਣ ਤਾਂ ਜੋ ਪੀੜਤ ਵਿਅਕਤੀ ਦਾ ਇਲਾਜ ਸ਼ੁਰੂ ਹੋ ਸਕੇ ਅਤੇ ਸ਼ੱਕੀ ਮਰੀਜ਼ਾਂ ਦੀ ਰਿਪੋਰਟ ਨੈਗੇਟਿਵ ਆਉਣ ਮਗਰੋਂ ਉਹ ਤਣਾਅ ਮੁਕਤ ਹੋ ਸਕਣ।
ਮੀਟਿੰਗ ’ਚ ਪੰਜਾਬ ਦੇ ਸਿਹਤ ਵਿਭਾਗ ਦੇ ਸਲਾਹਕਾਰ ਡਾ. ਕੇ.ਕੇ. ਤਲਵਾੜ, ਸੈਕਟਰੀ ਸਿਹਤ ਬੀ.ਕੇ. ਤਿਵਾੜੀ, ਮੈਡੀਕਲ ਕਾਲਜ ਦੀ ਪ੍ਰਿੰਸੀਪਲ ਡਾ. ਸੁਜਾਤਾ ਸ਼ਰਮਾ ਆਦਿ ਹਾਜ਼ਰ ਸਨ। ਇਸ ਸਬੰਧੀ ਮੀਡੀਆ ਨਾਲ ਗੱਲਬਾਤ ਕਰਦਿਆਂ ਸ੍ਰੀ ਸੋਨੀ ਨੇ ਦੱਸਿਆ ਕਿ ਸਰਕਾਰੀ ਮੈਡੀਕਲ ਕਾਲਜ ਦੇ ਅਮਲੇ ਨੂੰ ਹਦਾਇਤ ਕੀਤੀ ਗਈ ਹੈ ਕਿ ਕਰੋਨਾ ਟੈਸਟਾਂ ਦੀ ਰਿਪੋਰਟ 24 ਘੰਟੇ ਵਿਚ ਜਾਰੀ ਕੀਤੀ ਜਾਵੇ, ਜਿਸ ਨਾਲ ਕਰੋਨਾ ਪੀੜਤ ਦਾ ਤੁਰੰਤ ਇਲਾਜ ਸ਼ੁਰੂ ਹੋ ਸਕੇਗਾ ਅਤੇ ਅਜਿਹੇ ਵਿਅਕਤੀ ਦੇ ਸੰਪਰਕ ਵਿਚ ਆਉਣ ਵਾਲੇ ਹੋਰ ਵਿਅਕਤੀਆਂ ਨੂੰ ਬਚਾਇਆ ਜਾ ਸਕੇਗਾ। ਇਸ ਨਾਲ ਕਰੋਨਾ ਦੀ ਚੇਨ ਤੋੜਨ ਵਿਚ ਸਫ਼ਲਤਾ ਮਿਲੇਗੀ। ਉਨ੍ਹਾਂ ਨੇ ਸੀਨੀਅਰ ਡਾਕਟਰਾਂ ਨੂੰ ਆਖਿਆ ਕਿ ਉਹ ਰਾਤ ਵੇਲੇ ਵੀ ਡਿਊਟੀ ਦੇਣ। ਸ੍ਰੀ ਸੋਨੀ ਨੇ ਦੱਸਿਆ ਕਿ ਸਿਰਫ਼ ਅੰਮ੍ਰਿਤਸਰ ਸ਼ਹਿਰ ’ਚ ਹੀ ਰੋਜ਼ਾਨਾ ਲਗਪਗ 1500 ਟੈਸਟ ਹੋ ਰਹੇ ਹਨ। ਸ਼ਹਿਰ ਵਿਚ ਮੌਤ ਦਰ ਵਿਚ ਹੋਏ ਵਾਧੇ ’ਤੇ ਚਿੰਤਾ ਦਾ ਪ੍ਰਗਟਾਵਾ ਕਰਦਿਆਂ ਉਨ੍ਹਾਂ ਕਿਹਾ ਕਿ ਮਰੀਜ਼ਾਂ ਦੇ ਬੇਹਤਰ ਇਲਾਜ ਲਈ ਯਤਨ ਕੀਤੇ ਜਾ ਰਹੇ ਹਨ। ਪਲਾਜ਼ਮਾ ਥੈਰੇਪੀ ਨਾਲ ਇਲਾਜ ਸ਼ੁਰੂ ਕੀਤਾ ਗਿਆ ਹੈ ਅਤੇ ਇਸ ਦੇ ਚੰਗੇ ਨਤੀਜੇ ਸਾਹਮਣੇ ਆਏ ਹਨ।
ਕਾਂਗਰਸ ਸੋਮਵਾਰ ਨੂੰ ਕੇਂਦਰ ਖ਼ਿਲਾਫ਼ ਕਰੇਗੀ ਮੁਜ਼ਾਹਰਾ
ਲਗਾਤਾਰ ਵਧ ਰਹੀਆਂ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਸਬੰਧੀ ਕਾਂਗਰਸ ਵੱਲੋਂ ਸੋਮਵਾਰ ਨੂੰ ਕੇਂਦਰ ਸਰਕਾਰ ਖ਼ਿਲਾਫ਼ ਰੋਸ ਵਿਖਾਵਾ ਕੀਤਾ ਜਾਵੇਗਾ। ਸ੍ਰੀ ਸੋਨੀ ਨੇ ਆਖਿਆ ਕਿ ਕਰੋਨਾ ਸੰਕਟ ਦੌਰਾਨ ਲਗਾਤਾਰ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿਚ ਹੋ ਰਿਹਾ ਵਾਧਾ ਲੋਕਾਂ ’ਤੇ ਵਾਧੂ ਵਿੱਤੀ ਬੋਝ ਹੈ।