ਸਰਬਜੀਤ ਸਿੰਘ ਭੰਗੂ
ਪਟਿਆਲਾ, 25 ਅਗਸਤ
ਸਰਕਾਰੀ ਰਾਜਿੰਦਰਾ ਹਸਪਤਾਲ ਵਿਚ ਕਰੋਨਾਵਾਇਰਸ ਕਾਰਨ ਮੌਤ ਦੇ ਮੂੰਹ ਵਿਚ ਜਾਣ ਵਾਲ਼ੇ ਕੁਝ ਮ੍ਰਿਤਕਾਂ ਦੇ ਵਾਰਸਾਂ ਨੂੰ ਉਨ੍ਹਾਂ ਦਾ ਸਾਮਾਨ ਵਾਪਸ ਨਾ ਮਿਲਣ ਦੀਆਂ ਸ਼ਿਕਾਇਤਾਂ ਆ ਰਹੀਆਂ ਹਨ। ਪਹਿਲਾਂ ਵੀ ਕੁਝ ਮ੍ਰਿਤਕਾਂ ਦੇ ਪਰਿਵਾਰਕ ਮੈਂਬਰਾਂ ਨੇ ਅਜਿਹਾ ਮਾਮਲਾ ਉਠਾਇਆ ਸੀ ਤੇ ਅੱਜ ਇਕ ਮ੍ਰਿਤਕਾ ਦੇ ਪਤੀ ਨੇ ਹਸਪਤਾਲ ਦੇ ਕੋਵਿਡ ਕੇਅਰ ਸੈਂਟਰ ਦੀ ਇੰਚਾਰਜ ਸੁਰਭੀ ਮਲਿਕ (ਆਈਏਐੱਸ) ਕੋਲ ਅਜਿਹੀ ਸ਼ਿਕਾਇਤ ਕੀਤੀ ਹੈ।
ਸ਼ਿਕਾਇਤਕਰਤਾ ਗੱਜਣ ਸਿੰਘ ਨੇ ਦੱਸਿਆ ਕਿ 19 ਅਗਸਤ ਨੂੰ ਕਰੋਨਾ ਵਾਰਡ ਵਿਚ ਦਾਖ਼ਲ ਹੋਈ ਉਸ ਦੀ ਪਤਨੀ ਦੀ 21 ਅਗਸਤ ਨੂੰ ਮੌਤ ਹੋ ਗਈ ਸੀ ਪਰ ਵਾਰਡ ਵਿਚ ਦਾਖ਼ਲ ਰਹਿਣ ਮੌਕੇ ਉਸ ਦੀ ਪਤਨੀ ਕੋਲ ਮੌਜੂਦ ਮੋਬਾਈਲ, ਪਾਵਰ ਬੈਂਕ, ਥਰਮਸ ਅਤੇ ਇਲੈਕਟ੍ਰਿਕ ਕੈਟਲ ਆਦਿ ਵਸਤਾਂ ਅਜੇ ਤਕ ਨਹੀਂ ਮਿਲੀਆਂ। ਇਸ ਸਬੰਧੀ ਉਹ ਕੰਟਰੋਲ ਰੂਮ ’ਤੇ ਵੀ ਸੰਪਰਕ ਕਰ ਚੁੱਕੇ ਹਨ। ਸ਼ਿਕਾਇਤਕਰਤਾ ਨੇ ਵਾਰਡ ਵਿਚ ਉਸ ਦੀ ਪਤਨੀ ਦਾ ਢੁਕਵਾਂ ਇਲਾਜ ਨਾ ਹੋਣ ਅਤੇ ਢੁਕਵਾਂ ਖਾਣਾ ਨਾ ਮਿਲਣ ਦੇੇ ਦੋਸ਼ ਵੀ ਲਾਏ। ਉਸ ਨੇ ਦੱਸਿਆ ਕਿ ਉਸ ਦੀ ਪਤਨੀ ਫੋਨ ਕਰ ਕੇ ਉਨ੍ਹਾਂ ਨੂੰ ਦੱਸਦੀ ਰਹੀ ਕਿ ਉਸ ਦਾ ਸਾਹ ਘੁਟ ਰਿਹਾ ਹੈ ਪਰ ਵਾਰਡ ਵਿਚ ਕੋਈ ਉਸ ਦੀ ਗੱਲ ਸੁਣਨ ਨੂੰ ਤਿਆਰ ਨਹੀਂ। ਗੱਜਣ ਸਿੰਘ ਨੇ ਮਾਮਲੇ ਦੀ ਉੱਚ ਪੱਧਰੀ ਜਾਂਚ ਕਰਵਾ ਕੇ ਜ਼ਿੰਮੇਵਾਰਾਂ ਖ਼ਿਲਾਫ਼ ਬਣਦੀ ਕਾਰਵਾਈ ਮੰਗੀ ਹੈ।
ਉਧਰ, ਹਫ਼ਤਾ ਭਰ ਕਰੋਨਾ ਵਾਰਡ ਵਿਚ ਦਾਖ਼ਲ ਰਹਿਣ ਮਗਰੋਂ ਪੰਜ ਦਿਨ ਪਹਿਲਾਂ ਫੌਤ ਹੋਏ ਪਟਿਆਲਾ ਦੇ ਵਸਨੀਕ ਹਾਕਮ ਸਿੰਘ ਭੰਗੂ (50) ਦਾ ਮੋਬਾਈਲ, ਬੈਗ ਅਤੇ ਹੋਰ ਵਸਤਾਂ ਵੀ ਅਜੇ ਤਕ ਪਰਿਵਾਰ ਨੂੰ ਵਾਪਸ ਨਹੀਂ ਮਿਲੀਆਂ। ਇਸੇ ਤਰ੍ਹਾਂ ਦੀਆਂ ਸ਼ਿਕਾਇਤਾਂ ਕੁਝ ਹੋਰ ਲੋਕਾਂ ਦੀਆਂ ਵੀ ਹਨ।
ਕਰੋਨਾ ਵਾਰਡ ਵਿਚ ਦਾਖ਼ਲ ਕੁਝ ਮਰੀਜ਼ਾਂ ਦੇ ਵਾਰਸਾਂ ਵੱਲੋਂ ਅੰਦਰ ਮਰੀਜ਼ਾਂ ਦੀ ਸੁਚੱਜੀ ਦੇਖ ਭਾਲ਼ ਅਤੇ ਖਾਣੇ ਦੇ ਢੁਕਵੇਂ ਪ੍ਰਬੰਧ ਨਾ ਹੋਣ ਦੇ ਦੋਸ਼ਾਂ ਤਹਿਤ ਵਾਰਡ ਦੇ ਬਾਹਰ ਸਮੇਂ ਸਮੇਂ ’ਤੇ ਰੋਸ ਪ੍ਰਦਰਸ਼ਨ ਵੀ ਕੀਤੇ ਜਾ ਚੁੱਕੇ ਹਨ ਪਰ ਡਿਪਟੀ ਕਮਿਸ਼ਨਰ ਕੁਮਾਰ ਅਮਿਤ ਅਤੇ ਹਸਪਤਾਲ ਦੇ ਮੈਡੀਕਲ ਸੁਪਰਡੈਂਟ ਡਾ. ਪਾਰਸ ਪਾਂਡਵ ਸਮੇਤ ਹੋਰ ਅਧਿਕਾਰੀਆਂ ਦਾ ਕਹਿਣਾ ਹੈ ਕਿ ਕਰੋਨਾ ਵਾਰਡ ਵਿਚ ਦਾਖ਼ਲ ਮਰੀਜ਼ਾਂ ਦੀ ਸੁਚੱਜੀ ਦੇਖਭਾਲ ਕੀਤੀ ਜਾ ਰਹੀ ਹੈ ਤੇ ਉਨ੍ਹਾਂ ਨੂੰ ਸਮੇਂ ਸਿਰ ਖਾਣਾ ਵੀ ਦਿੱਤਾ ਜਾ ਰਿਹਾ ਹੈ। ਉਧਰ, ਕੋਵਿਡ ਕੇਅਰ ਸੈਂਟਰ ਦੀ ਇੰਚਾਰਜ ਸੁਰਭੀ ਮਲਿਕ ਨੇ ਸੰਪਰਕ ਕਰਨ ’ਤੇ ਗੱਜਣ ਸਿੰਘ ਦੀ ਸ਼ਿਕਾਇਤ ਮਿਲਣ ਦੀ ਪੁਸ਼ਟੀ ਕਰਦਿਆਂ ਇਸ ਮਾਮਲੇ ਦੀ ਘੋਖ ਕਰਨ ਦੀ ਗੱਲ ਆਖੀ ਹੈ।