ਅਜੈ ਮਲਹੋਤਰਾ
ਬਸੀ ਪਠਾਣਾਂ, 21 ਜੂਨ
ਨਗਰ ਕੌਂਸਲ ਬਸੀ ਪਠਾਣਾਂ ਦੇ ਸਾਬਕਾ ਪ੍ਰਧਾਨ ਰਮੇਸ਼ ਗੁਪਤਾ, ਸਾਬਕਾ ਸੀਨੀਅਰ ਮੀਤ ਪ੍ਰਧਾਨ ਮੋਹਲ ਲਾਲ ਸਪੱਲ, ਕੌਂਸਲਰ ਬਲਵਿੰਦਰ ਸਿੰਘ ਬਿੱਟੂ, ਜੋਤੀ ਮਲਹੋਤਰਾ, ਵਰਿੰਦਰਪਾਲ ਕੌਰ ਤੇ ਰੀਨਾ ਕੁਮਾਰੀ ਨੇ ਹਲਕਾ ਵਿਧਾਇਕ ਗੁਰਪ੍ਰੀਤ ਸਿੰਘ ਜੀ.ਪੀ. ਦੇ ਦਫ਼ਤਰ ’ਤੇ ਕਰੋਨਾ ਵਾਇਰਸ ਦੀ ਮਹਾਮਾਰੀ ਦੌਰਾਨ ਸਰਕਾਰੀ ਰਾਸ਼ਨ ਦੀ ਵੰਡ ਪ੍ਰਣਾਲੀ ਦੌਰਾਨ ਰਾਜਨਿਤੀ ਕਰਨ ਦੇ ਦੋਸ਼ ਲਾਉਂਦਿਆਂ ਕਿਹਾ ਕਿ ਸਰਕਾਰ ਵੱਲੋਂ ਜੋ ਰਾਸ਼ਨ ਮੁਹੱਇਆ ਕਰਵਾਇਆ ਜਾ ਰਿਹਾ ਹੈ ਉਸ ’ਚ ਵੀ ਕਾਂਗਰਸ ਪਾਰਟੀ ਵੱਲੋਂ ਰਾਜਨਿਤੀ ਕੀਤੀ ਜਾ ਰਹੀ ਹੈ। ਊਨ੍ਹਾਂ ਕਿਹਾ ਕਿ ਵਿਧਾਇਕ ਦੇ ਦਫ਼ਤਰ ਵੱਲੋਂ ਲਾਭਪਾਤੱਰੀਆਂ ਦੀਆਂ ਸੁਚੀਆਂ ਤਿਆਰ ਕਰਨ ਲਈ ਇੱਕ ਫਾਰਮ ਜਾਰੀ ਕੀਤਾ ਗਿਆ ਹੈ। ਇਹ ਫਾਰਮ ਬਸੀ ਪਠਾਣਾਂ ਸ਼ਹਿਰ ਦੇ ਸਿਰਫ ਉਨ੍ਹਾਂ ਸਾਬਕਾ ਕੌਂਸਲਰਾਂ ਨੂੰ ਦਿੱਤਾ ਗਿਆ ਹੈ ਜੋ ਕਾਂਗਰਸੀ ਹਨ। ਜਿਨ੍ਹਾਂ ਵਾਰਡਾਂ ਵਿੱਚ ਗੈਰ ਕਾਂਗਰਸੀ ਕੌਂਸਲਰ ਹਨ ਉਨ੍ਹਾਂ ਵਾਰਡਾਂ ਵਿੱਚ ਅਜਿਹੇ ਕਾਂਗਰਸੀਆਂ ਨੂੰ ਜ਼ਿੰਮੇਵਾਰੀ ਸੌਂਪੀ ਗਈ ਹੈ ਜੋ ਆਉਣ ਵਾਲੀਆਂ ਕੌਂਸਲ ਚੋਣਾਂ ਲੜਣ ਦੀ ਤਿਆਰੀ ਸਬੰਧਤ ਵਾਰਡਾਂ ਵਿੱਚ ਕੰਮ ਕਰ ਰਹੇ ਹਨ। ਉਨ੍ਹਾਂ ਪ੍ਰਸ਼ਾਸਨ ਨੂੰ ਅਪੀਲ ਕੀਤੀ ਕਿ ਸਾਬਕਾ ਗੈਰ-ਕਾਂਗਰਸੀ ਕੌਂਸਲਰਾਂ ਤੋਂ ਵੀ ਇਹ ਸੂਚੀਆਂ ਲਈਆਂ ਜਾਣ ਕਿਉਂਕਿ ਉਹ ਆਪਣੇ ਵਾਰਡਾਂ ਦੇ ਲਾਭਪਾਤਰੀਆਂ ਦੀ ਆਰਥਿਕ ਹਾਲਤ ਤੋਂ ਚੰਗੀ ਤਰ੍ਹਾਂ ਵਾਕਫ਼ ਹਨ। ਇਸ ਸਬੰਧ ’ਚ ਵਿਧਾਇਕ ਗੁਰਪ੍ਰੀਤ ਸਿੰਘ ਜੀਪੀ ਦੇ ਦਫ਼ਤਰ ਇੰਚਾਰਜ ਜਸਵੀਰ ਸਿੰਘ ਨੇ ਇੰਨ੍ਹਾਂ ਦੋਸ਼ਾਂ ਨੂੰ ਨਕਾਰਦਿਆਂ ਕਿਹਾ ਕਿ ਇਹ ਜ਼ਿੰਮੇਵਾਰੀਆਂ ਪਹਿਲ ਦੇ ਆਧਾਰ ਤੇ ਸੌਂਪੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਇਹ ਫਾਰਮ ਉਨ੍ਹਾਂ ਨੂੰ ਫੂਡ ਸਪਲਾਈ ਮਹਿਕਮੇ ਵੱਲੋਂ ਦਿੱਤੇ ਗਏ ਹਨ।