ਸਤਵਿੰਦਰ ਬਸਰਾ
ਲੁਧਿਆਣਾ, 26 ਅਪਰੈਲ
ਕਰੋਨਾ ਕਾਰਨ ਦਮ ਤੋੜ ਗਏ ਵਿਅਕਤੀਆਂ ਦੀਆਂ ਲਾਸ਼ਾਂ ਹੱਥ ਰੇਹੜਿਆਂ ਅਤੇ ਆਟੋ ਰਿਕਸ਼ਿਆਂ ਵਿੱਚ ਸ਼ਮਸ਼ਾਨਘਾਟ ਲਿਆਉਣ ਤੋਂ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਲੁਧਿਆਣਾ ਦਾ ਸਿਹਤ ਵਿਭਾਗ ਅਤੇ ਪ੍ਰਸ਼ਾਸਨ ਕਰੋਨਾ ਪ੍ਰਤੀ ਕਿੰਨੇ ਗੰਭੀਰ ਹਨ।
ਜਾਣਕਾਰੀ ਅਨੁਸਾਰ ਸਥਾਨਕ ਢੋਲੇਵਾਲ ਸ਼ਮਸ਼ਾਨਘਾਟ ਵਿੱਚ ਅੱਜ ਦੁਪਹਿਰੇ ਪੰਕਜ ਨਾਂ ਦਾ ਵਿਅਕਤੀ ਆਪਣੇ ਪਿਤਾ ਦੀ ਪਲਾਸਟਿਕ ਵਿੱਚ ਲਪੇਟੀ ਲਾਸ਼ ਸਸਕਾਰ ਲਈ ਲੈ ਕੇ ਆਇਆ। ਪੰਕਜ ਨੇ ਦੱਸਿਆ ਕਿ ਬੀਤੇ ਸ਼ਨਿਚਰਵਾਰ ਉਸ ਨੇ ਆਪਣੇ ਪਿਤਾ ਨੂੰ ਸਿਵਲ ਹਸਪਤਾਲ ਦਾਖਲ ਕਰਵਾਇਆ ਸੀ, ਜਿੱਥੇ ਅੱਜ ਉਨ੍ਹਾਂ ਦੀ ਮੌਤ ਹੋ ਗਈ। ਮੌਤ ਤੋਂ ਬਾਅਦ ਡਾਕਟਰਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਕਰੋਨਾ ਹੋਇਆ ਸੀ। ਲਾਸ਼ ਸ਼ਮਸ਼ਾਨਘਾਟ ਲਿਆਉਣ ਲਈ ਉਸ ਨੇ ਉਥੇ ਖੜ੍ਹੇ ਐਂਬੂਲੈਂਸ ਚਾਲਕਾਂ ਨੂੰ ਪੁੱਛਿਆ ਤਾਂ ਉਹ 2500 ਤੋਂ 3000 ਰੁਪਏ ਮੰਗ ਰਹੇ ਸਨ, ਜਿਸ ਕਰਕੇ ਉਹ ਲਾਸ਼ ਆਟੋ ਰਿਕਸ਼ੇ ਰਾਹੀਂ ਸ਼ਮਸ਼ਾਨਘਾਟ ਲਿਆਉਣ ਲਈ ਮਜਬੂਰ ਹੋਇਆ। ਇਸੇ ਤਰ੍ਹਾਂ ਇਕ ਹੋਰ ਲੜਕਾ ਆਪਣੀ ਕਰੋਨਾ ਨਾਲ ਫ਼ੌਤ ਹੋਈ ਮਾਂ ਦੀ ਲਾਸ਼ ਖੁਦ ਹੱਥ ਰੇਹੜੇ ਵਿਚ ਪਾ ਕੇ ਸ਼ਮਸ਼ਾਨਘਾਟ ਪੁੱਜਾ। ਉਸ ਦਾ ਕਹਿਣਾ ਸੀ ਕਿ ਅਜਿਹੀਆਂ ਲਾਸ਼ਾਂ ਨੂੰ ਡਾਕਟਰੀ ਟੀਮ ਦੀ ਨਿਗਰਾਨੀ ਹੇਠ ਪੂਰੀ ਸਾਵਧਾਨੀ ਨਾਲ ਸਸਕਾਰ ਲਈ ਲਿਆਉਣਾ ਚਾਹੀਦਾ ਹੈ ਪਰ ਪ੍ਰਸ਼ਾਸਨ ਵੱਲੋਂ ਇਸ ਸਬੰਧੀ ਅਣਗਹਿਲੀ ਵਰਤੀ ਜਾ ਰਹੀ ਹੈ। ਸਸਕਾਰ ਕਰਵਾਉਣ ਵਾਲੇ ਪੰਡਤ ਨੇ ਵੀ ਮੰਨਿਆ ਕਿ ਸ਼ਮਸ਼ਾਨਘਾਟ ਵਿੱਚ ਆਟੋ ਅਤੇ ਹੱਥ ਰੇਹੜਿਆਂ ’ਤੇ ਕਰੋਨਾ ਮਰੀਜ਼ਾਂ ਦੀਆਂ ਲਾਸ਼ਾਂ ਪਹੁੰਚ ਰਹੀਆਂ ਹਨ।
ਰਾਮਗੜ੍ਹੀਆ ਸ਼ਮਸ਼ਾਨਘਾਟ ਦੇ ਪ੍ਰਧਾਨ ਰਣਜੋਧ ਸਿੰਘ ਨੇ ਦੱਸਿਆ ਕਿ ਪਿਛਲੇ ਸਾਲ ਦੀ ਤਰ੍ਹਾਂ ਸ਼ਮਸ਼ਾਨਘਾਟ ਸੈਨੇਟਾਈਜ਼ ਕਰਨ ਲਈ ਪ੍ਰਸ਼ਾਸਨ ਵੱਲੋਂ ਕੋਈ ਪ੍ਰਬੰਧ ਨਹੀਂ ਕੀਤਾ ਗਿਆ।
ਸਿਵਲ ਸਰਜਨ ਵੱਲੋਂ ਜਾਂਚ ਦਾ ਭਰੋਸਾ
ਸਿਵਲ ਸਰਜਨ ਡਾ. ਕੱਕੜ ਨੇ ਦੱਸਿਆ ਕਿ ਜੇ ਮਰੀਜ਼ ਕਿਸੇ ਹੋਰ ਜ਼ਿਲ੍ਹੇ ਦਾ ਹੈ ਤਾਂ ਸਬੰਧਤ ਜ਼ਿਲ੍ਹਾ ਆਪਣੇ ਪੱਧਰ ’ਤੇ ਪ੍ਰਬੰਧ ਕਰਦਾ ਹੈ। ਜਦੋਂ ਉਨ੍ਹਾਂ ਨੂੰ ਦੱਸਿਆ ਗਿਆ ਕਿ ਇਹ ਮਰੀਜ਼ ਲੁਧਿਆਣੇ ਨਾਲ ਸਬੰਧਤ ਹਨ ਤਾਂ ਉਨ੍ਹਾਂ ਇਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰਵਾਉਣ ਦਾ ਭਰੋਸਾ ਦਿੱਤਾ। ਉਨ੍ਹਾਂ ਕਿਹਾ ਕਿ ਅਜਿਹੇ ਮਰੀਜ਼ਾਂ ਨੂੰ ਸਸਕਾਰ ਤਕ ਲਿਜਾਣ ਦਾ ਪ੍ਰਬੰਧ ਉਨ੍ਹਾਂ ਵੱਲੋਂ ਕੀਤਾ ਜਾਂਦਾ ਹੈ ਪਰ ਕਈ ਵਾਰ ਮੌਕੇ ’ਤੇ ਐਂਬੂਲੈਂਸ ਮੌਜੂਦ ਨਾ ਹੋਣ ’ਤੇ ਪਰਿਵਾਰਕ ਮੈਂਬਰ ਆਪਣੇ ਪੱਧਰ ’ਤੇ ਲਾਸ਼ ਲੈ ਜਾਂਦੇ ਹਨ।