ਬੀਐੱਸ ਚਾਨਾ
ਸ੍ਰੀ ਆਨੰਦਪੁਰ ਸਾਹਿਬ, 4 ਅਪਰੈਲ
ਕਰੋਨਾ ਕਾਰਨ ਲਗਾਤਾਰ ਦੂਸਰੇ ਸਾਲ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਅਧੀਨ ਤਖ਼ਤ ਕੇਸਗੜ੍ਹ ਦੇ ਸਲਾਨਾ ਬਜਟ ਵਿੱਚ ਜਿੱਥੇ ਜ਼ਿਕਰਯੋਗ ਕਮੀ ਦਰਜ ਕੀਤੀ ਗਈ ਹੈ ਉੱਥੇ ਹੀ ਹੋਲੇ ਮਹੱਲੇ ਦੌਰਾਨ ਵੀ ਦੋ ਸਾਲਾਂ ’ਚ ਗੋਲਕ ਦਾ ਘਟਣਾ ਜਾਰੀ ਹੈ। ਇਸ ਵਾਰ 18 ਫੀਸਦੀ ਦੇ ਘਾਟੇ ਨਾਲ ਦੋ ਸਾਲਾਂ ’ਚ ਗੋਲਕ ਦਾ ਕੁੱਲ ਘਾਟਾ 33 ਫੀਸਦੀ ਹੋ ਗਿਆ। ਤਖ਼ਤ ਕੇਸਗੜ੍ਹ ਸਾਹਿਬ ਦੇ ਪ੍ਰਬੰਧਕਾਂ ਅਨੁਸਾਰ ਇੱਥੇ ਦਾ ਪਿਛਲੇ ਸਾਲ ਦਾ 55 ਕਰੋੜ 50 ਲੱਖ ਦਾ ਬਜਟ ਪ੍ਰਵਾਨ ਹੋਇਆ ਸੀ ਜੋ ਕਰੋਨਾ ਮਹਾਂਮਾਰੀ ਕਰਕੇ 10 ਕਰੋੜ ਰੁਪਏ ਘੱਟ ਕੇ 44.50 ਕਰੋੜ ਹੀ ਰਹਿ ਗਿਆ ਸੀ। ਇਹੀ ਨਹੀਂ ਪਿਛਲੇ ਵਿੱਤੀ ਵਰ੍ਹੇ ਦੌਰਾਨ ਹੋਲੇ ਮਹੱਲੇ ’ਚ ਗੋਲਕ 70 ਲੱਖ ਰੁਪਏ ਘਟੀ ਸੀ, ਜਦਕਿ ਮੌਜੂਦਾ ਵਿੱਤੀ ਵਰ੍ਹੇ ਵਿੱਚ 56.80 ਕਰੋੜ ਦਾ ਬਜਟ ਪ੍ਰਵਾਨ ਹੋਇਆ ਹੈ ਪਰ ਹੋਲੇ ਮਹੱਲੇ ਦੌਰਾਨ ਇਸ ਵਾਰ ਵੀ ਗੋਲਕ 58.64 ਲੱਖ ਰੁਪਏ ਘਟਣ ਦੇ ਨਾਲ ਕੁੱਲ 18 ਫੀਸਦੀ ਦੀ ਕਮੀ ਦਰਜ ਕੀਤੀ ਗਈ ਹੈ। ਅੰਕੜੇ ਤਖ਼ਤ ਕੇਸਗੜ੍ਹ ਸਾਹਿਬ ਪ੍ਰਬੰਧ ਅਧੀਨ ਆਉਂਦੇ 42 ਗੁਰਦੁਆਰਾ ਸਾਹਿਬਾਨ ਦੇ ਹਨ, ਜਿਨ੍ਹਾਂ ਵਿੱਚ ਗੁਰੂ ਕਾ ਲਹੌਰ, ਕੀਰਤਪੁਰ ਸਾਹਿਬ ਦੇ ਗੁਰਦੁਆਰਾ ਸਹਬਿਾਨ, ਨੰਗਲ, ਹਿਮਾਚਲ ਪ੍ਰਦੇਸ਼ ਅਤੇ ਪ੍ਰੀਵਾਰ ਵਿਛੋੜਾ ਸਾਹਿਬ ਵੀ ਸ਼ਾਮਲ ਹਨ। ਅੰਕੜਿਆਂ ਦੀ ਪੁਸ਼ਟੀ ਕਰਦੇ ਹੋਏ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਮੈਨੇਜਰ ਮਲਕੀਤ ਸਿੰਘ ਨੇ ਦੱਸਿਆ ਕਿ ਇਸ ਵਾਰ ਹੋਲੇ ਮਹੱਲੇ ਦੌਰਾਨ ਸੰਗਤ ਦੀ ਆਮਦ ਵਿੱਚ 40 ਤੋਂ 50 ਫੀਸਦੀ ਦੀ ਕਮੀ ਆਈ, ਜਿਸ ਦਾ ਅਸਰ ਜਿੱਥੇ ਗੁਰੂ ਘਰ ਦੀ ਗੋਲਕ ‘ਤੇ ਪਿਆ ਹੈ ਉੱਥੇ ਹੀ ਵੱਖ-ਵੱਖ ਵਰਗਾਂ ਨੂੰ ਵੀ ਪਿਆ ਹੈ।