ਪੱਤਰ ਪ੍ਰੇਰਕ
ਨੰਗਲ, 13 ਜੁਲਾਈ
ਅੱਜ ਪੰਜਾਬ ਰਾਜ ਅਧਿਆਪਕ ਗੱਠਜੋੜ ਦੇ ਸੱਦੇ ’ਤੇ ਬਲਾਕ ਨੰਗਲ ਵਿਖੇ ਵੱਖ ਵੱਖ ਅਧਿਆਪਕ ਜਥੇਬੰਦੀਆਂ ਦੇ ਮੈਂਬਰਾਂ ਨੇ ਸਟਾਫ ਕਲੱਬ ਵਿੱਚ ਇਕ ਬੈਠਕ ਕਰਨ ਉਪਰੰਤ ਪੰਜਾਬ ਸਰਕਾਰ ਵੱਲੋਂ ਦਿੱਤੇ ਲੰਗੜੇ ਪੇ ਕਮਿਸ਼ਨ ਵਿਰੁੱਧ ਤੇ ਪੁਰਾਣੀ ਪੈਨਸ਼ਨ ਬਹਾਲੀ ਸਬੰਧੀ ਛੇਵੇਂ ਪੇ ਕਮਿਸ਼ਨ ਦੀਆਂ ਕਾਪੀਆਂ ਸਾੜ ਕੇ ਰੋਸ ਪ੍ਰਦਰਸ਼ਨ ਕੀਤਾ।
ਖਰੜ (ਪੱਤਰ ਪ੍ਰੇਰਕ) ਅੱਜ ਪੰਜਾਬ ਰਾਜ ਅਧਿਆਪਕ ਗਠਜੋੜ ਦੇ ਸੱਦੇ ਤੇ ਸਮੂਹ ਅਧਿਆਪਕਾਂ ਵੱਲੋਂ ਐਸਡੀਐੱਮ ਦਫ਼ਤਰ ਖਰੜ ਵਿੱਚ ਲੰਗੜੇ ਪੇਅ ਕਮਿਸਨ ਵਿਰੁੱਧ, ਕੱਚੇ ਅਧਿਆਪਕ ਪੱਕੇ ਕਰਨ ਤੇ ਪੁਰਾਣੀ ਪੈਨਸ਼ਨ ਦੀ ਬਹਾਲੀ ਲਈ ਪੰਜਾਬ ਸਰਕਾਰ ਤੇ ਵਿੱਤ ਮੰਤਰੀ ਮਨਪ੍ਰੀਤ ਬਾਦਲ ਵਿਰੁੱਧ ਰੋਸ ਮੁਜ਼ਾਹਰਾ ਕੀਤਾ ਗਿਆ ਤੇ ਨਾਅਰੇਬਾਜ਼ੀ ਕੀਤੀ ਗਈ ਜਿਸ ’ਚ ਖਰੜ,ਮਾਜਰੀ ਤੇ ਕੁਰਾਲੀ ਦੇ ਅਧਿਆਪਕਾਂ ਨੇ ਸ਼ਮੂਲੀਅਤ ਕੀਤੀ।
ਅਧਿਆਪਕ ਆਗੂ ਸ਼ਿਵ ਕੁਮਾਰ ਰਾਣਾ ਨੇ ਦੱਸਿਆ ਕਿ ਸਰਕਾਰ ਮੁਲਾਜ਼ਮ ਵਰਗ ਪਿਛਲੇ ਚਾਰ ਸਾਲਾਂ ਤੋਂ ਪੇਅ ਕਮਿਸਨ ਲਟਕਾ ਰਹੀ ਹੈ ਤੇ ਹੁਣ ਜੋ ਦਿੱਤਾ ਉਸ ਵਿੱਚ ਵੀ ਨਾ ਮਾਤਰ ਦਾ ਵਾਧਾ ਕਰ ਕੇ ਸਮੁੱਚੇ ਮੁਲਾਜ਼ਮ ਵਰਗ ਨਾਲ ਧੋਖਾ ਕੀਤਾ ਹੈ।
ਰੂਪਨਗਰ (ਪੱਤਰ ਪ੍ਰੇਰਕ) ਪੰਜਾਬ ਰਾਜ ਅਧਿਆਪਕ ਸੰਗਠਨ ਵਲੋਂ ਦਿੱਤੇ ਸੱਦੇ ਦੇ ਤਹਿਤ ਅੱਜ ਤਹਿਸੀਲ ਪੱਧਰੀ ਰੋਸ ਮੁਜ਼ਾਹਰਾ ਕੀਤਾ ਗਿਆ। ਇਸ ਮੌਕੇ ਅਧਿਆਪਕਾਂ ਵਲੋਂ ਡਿਪਟੀ ਕਮਿਸ਼ਨਰ ਦਫਤਰ ਦੇ ਅੱਗੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦਾ ਪੁਤਲਾ ਫੂਕਿਆ ਗਿਆ। ਇਸ ਮੌਕੇ ਪੰਜਾਬ ਸਰਕਾਰ ਤੇ ਵਿੱਤ ਮੰਤਰੀ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ। ਪੰਜਾਬ ਸਰਕਾਰ ਨੂੰ ਚੇਤਾਵਨੀ ਦਿੱਤੀ ਕਿ ਜੇ ਸਰਕਾਰ ਨੇ ਛੇਵੇਂ ਪੇ ਕਮਿਸ਼ਨ ਦੀਆਂ ਤਰੁੱਟੀਆਂ ਨੂੰ ਜਲਦੀ ਦੂਰ ਨਾ ਕੀਤਾ ਤਾਂ ਭਵਿੱਖ ਵਿੱਚ ਵੱਡੇ ਪੱਧਰ ’ਤੇ ਸੰਘਰਸ਼ ਕੀਤਾ ਜਾਵੇਗਾ।
ਚਮਕੌਰ ਸਾਹਿਬ (ਨਿੱਜੀ ਪੱਤਰ ਪ੍ਰੇਰਕ) ਪੰਜਾਬ ਰਾਜ ਅਧਿਆਪਕ ਸੰਗਠਨ ਦੇ ਸੱਦੇ ਤੇ ਅਧਿਆਪਕਾਂ ਵੱਲੋਂ ਪੇਅ ਕਮਿਸ਼ਨ ਦੀਆਂ ਤਰੁੱਟੀਆਂ ਦੂਰ ਕਰਨ ਅਤੇ ਪੁਰਾਣੀ ਪੇਅਨਸ਼ਨ ਸਕੀਮ ਨੂੰ ਬਹਾਲ ਕਰਨ ਸਬੰਧੀ ਐਸਡੀਐੱਮ ਦਫਤਰ ਅੱਗੇ ਮੁਜ਼ਾਹਰਾ ਕਰਦਿਆਂ ਪੰਜਾਬ ਸਰਕਾਰ ਦੀ ਅਰਥੀ ਫੂਕੀ। ਅਧਿਆਪਕ ਆਗੂ ਬਲਜਿੰਦਰ ਸਿੰਘ ਸ਼ਾਂਤਪੁਰ, ਰਵਿੰਦਰ ਰਵੀ, ਦਲੀਪ ਸਿੰਘ ਭੂਰੜੇ, ਗੁਰਪ੍ਰੀਤ ਸਿੰਘ ਕੈਂਬੋ, ਗੁਰਿੰਦਰਪਾਲ ਸਿੰਘ ਤੇ ਬਲਵਿੰਦਰ ਸਿੰਘ ਨੇ ਕਿਹਾ ਕਿ ਕੈਪਟਨ ਸਰਕਾਰ ਨੇ ਚੋਣਾਂ ਤੋਂ ਪਹਿਲਾਂ ਮੁਲਾਜ਼ਮਾਂ ਨਾਲ ਪੇਅ ਕਮਿਸ਼ਨ ਤੇ ਪੁਰਾਣੀ ਪੇਅਨਸ਼ਨ ਸਕੀਮ ਨੂੰ ਸਰਕਾਰ ਬਣਨ ਤੋਂ ਬਾਅਦ ਲਾਗੂ ਕਰਨ ਦਾ ਵਾਅਦਾ ਕੀਤਾ ਸੀ, ਪਰ ਅਜੇ ਤੱਕ ਇਹ ਵਾਅਦਾ ਵਫਾ ਨਹੀਂ ਹੋਇਆ, ਜਿਸ ਕਾਰਨ ਮੁਲਾਜ਼ਮ ਵਰਗ ਵਿੱਚ ਰੋਸ ਪਾਇਆ ਜਾ ਰਿਹਾ ਹੈ।
ਵਿੱਤ ਮੰਤਰੀ ਦੇ ਪੁਤਲੇ ਫੂਕ ਕੇ ਰੋਸ ਦਾ ਪ੍ਰਗਟਾਵਾ
ਨੂਰਪੁਰ ਬੇਦੀ (ਨਿਜੀ ਪੱਤਰ ਪ੍ਰੇਰਕ) ਪੰਜਾਬ ਰਾਜ ਅਧਿਆਪਕ ਗੱਠਜੋੜ ਵੱਲੋਂ ਪੇ ਕਮਿਸ਼ਨ ਦੀ ਰਿਪੋਰਟ ਦੇ ਸਬੰਧ ’ਚ ਅੱਜ ਸਮੁੱਚੇ ਪੰਜਾਬ ਅੰਦਰ ਤਹਿਸੀਲ ਪੱਧਰ ਤੇ’ ਜ਼ੋਰਦਾਰ ਰੋਹ ਭਰਪੂਰ ਅਰਥੀ ਫੂਕ ਮੁਜ਼ਾਹਰੇ ਕੀਤੇ ਗਏ। ਇਸ ਸਬੰਧੀ ਪ੍ਰੈੱਸ ਨੂੰ ਜਾਣਕਾਰੀ ਦਿੰਦਿਆਂ ਪੰਜਾਬ ਰਾਜ ਅਧਿਆਪਕ ਗੱਠਜੋਡ ਦੇ ਸੂਬਾਈ ਆਗੂ ਵਸ਼ਿੰਗਟਨ ਸਿੰਘ ਸਮੀਰੋਵਾਲ ਅਤੇ ਹਰਜੀਤ ਸਿੰਘ ਸੈਣੀ ਨੇ ਦੱਸਿਆ ਕਿ ਅੱਜ ਰੋਪੜ ਜ਼ਿਲ੍ਹੇ ਵਿੱਚ 6 ਜਗ੍ਹਾ ਨੰਗਲ, ਆਨੰਦਪੁਰ ਸਾਹਿਬ, ਨੂਰਪੁਰ ਬੇਦੀ, ਰੋਪੜ, ਮੋਰਿੰਡਾ ਤੇ ਚਮਕੌਰ ਸਾਹਿਬ ਵਿੱਚ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੇ ਪੁਤਲੇ ਫੂਕ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ।