ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 7 ਜੁਲਾਈ
ਪ੍ਰਗਤੀਸ਼ੀਲ ਲੇਖਕ ਸੰਘ ਜ਼ਿਲ੍ਹਾ ਇਕਾਈ ਸ਼ਹੀਦ ਭਗਤ ਸਿੰਘ ਨਗਰ ਅਤੇ ਜਮਹੂਰੀ ਅਧਿਕਾਰ ਸਭਾ ਜ਼ਿਲ੍ਹਾ ਇਕਾਈ ਸ਼ਹੀਦ ਭਗਤ ਸਿੰਘ ਨਗਰ ਵੱਲੋਂ ਹੋਰ ਜਨਤਕ ਜਥੇਬੰਦੀਆਂ ਦੇ ਸਹਿਯੋਗ ਨਾਲ ਤੀਸਤਾ ਸੀਤਲਵਾੜ, ਜ਼ੁਬੈਰ ਮੁਹੰਮਦ ਅਤੇ ਹੋਰਾਂ ਦੀ ਗ੍ਰਿਫ਼ਤਾਰੀ ਦੇ ਵਿਰੋਧ ਵਿੱਚ ਖਟਕੜ ਕਲਾਂ ਵਿੱਚ ਇਕ ਕਨਵੈਨਸ਼ਨ ਕੀਤੀ ਜਾ ਰਹੀ ਹੈ। ਇਸ ਸਬੰਧੀ ਜਸਵੀਰ ਦੀਪ ਅਤੇ ਹਰਬੰਸ ਹੀਉਂ ਨੇ ਕਿਹਾ ਕਿ ਇਹ ਕਨਵੈਨਸ਼ਨ ਬੀਬੀ ਅਮਰ ਕੌਰ ਯਾਦਗਾਰੀ ਹਾਲ ਖਟਕੜ ਕਲਾਂ ਵਿੱਚ 9 ਜੁਲਾਈ ਦਿਨ ਸ਼ਨਿਚਰਵਾਰ ਨੂੰ 10 ਵਜੇ ਸਵੇਰੇ ਹੋਵੇਗੀ। ਜਮਹੂਰੀ ਅਧਿਕਾਰ ਸਭਾ ਪੰਜਾਬ ਦੇ ਸੂਬਾ ਪ੍ਰੈੱਸ ਸਕੱਤਰ ਬੂਟਾ ਸਿੰਘ ਮਹਿਮੂਦਪੁਰ ਮੁੱਖ ਬੁਲਾਰੇ ਵਜੋਂ ਸ਼ਿਰਕਤ ਕਰਨਗੇ। ਪ੍ਰਧਾਨਗੀ ਮੰਡਲ ਵਿਚ ਪ੍ਰੋ. ਜਗਮੋਹਣ ਸਿੰਘ, ਪ੍ਰੋ. ਸੁਰਜੀਤ ਜੱਜ ਆਦਿ ਸ਼ਾਮਲ ਹੋਣਗੇ। ਇਸ ਮੌਕੇ ਆਗੂਆਂ ਨੇ ਜਿੱਥੇ ਕੇਂਦਰ ਸਰਕਾਰ ਦੀਆਂ ਲੋਕ ਮਾਰੂ ਨੀਤੀਆਂ ਦੀ ਆਲੋਚਨਾ ਕੀਤਾ ਉਥੇ ਲੋਕਾਂ ਨੂੰ ਇਸ ਕਨਵੈਨਸ਼ਨ ਵਿੱਚ ਸ਼ਾਮਲ ਹੋਣ ਦੀ ਅਪੀਲ ਕੀਤੀ ਹੈ।