ਹਰਜੀਤ ਸਿੰਘ
ਜ਼ੀਰਕਪੁਰ, 13 ਅਕਤੂਬਰ
ਢਕੋਲੀ ਖੇਤਰ ਦੇ ਡੀਪੀਐੱਸ ਵਰਲਡ ਸਕੂਲ ਵਿੱਚ ਅੱਜ ਯੂਜੀਸੀ ਨੈੱਟ ਦੀ ਪ੍ਰੀਖਿਆ ਦੌਰਾਨ ਉਸ ਸਮੇਂ ਮਾਹੌਲ ਤਣਾਅਪੂਰਨ ਹੋ ਗਿਆ, ਜਦੋਂ ਪ੍ਰਬੰਧਕਾਂ ਵੱਲੋਂ ਇਕ ਸਿੱਖ ਕੁੜੀ ਨੂੰ ਕੜਾ ਉਤਾਰ ਕੇ ਪ੍ਰੀਖਿਆ ਦੇਣ ਲਈ ਕਿਹਾ ਗਿਆ। ਕੁੜੀ ਦੇ ਮਾਪਿਆਂ ਵੱਲੋਂ ਵਿਰੋਧ ਕਰਨ ’ਤੇ ਜਦੋਂ ਮਾਮਲਾ ਭਖਣ ਲੱਗਿਆ ਤਾਂ ਪ੍ਰਬੰਧਕਾਂ ਨੇ ਪ੍ਰੀਖਿਆ ਦੇਣ ਦੀ ਇਜਾਜ਼ਤ ਦਿੱਤੀ। ਜਾਣਕਾਰੀ ਅਨੁਸਾਰ ਅੱਜ ਯੂਜੀਸੀ ਨੈੱਟ ਦੀ ਪ੍ਰੀਖਿਆ ਉਕਤ ਸਕੂਲ ਵਿੱਚ ਲਈ ਜਾ ਰਹੀ ਸੀ। ਪ੍ਰਬੰਧਕਾਂ ਵੱਲੋਂ ਪ੍ਰੀਖਿਆ ਹਾਲ ਵਿੱਚ ਜਾਣ ਤੋਂ ਪਹਿਲਾਂ ਸਾਰੇ ਵਿਦਿਆਰਥੀਆਂ ਨੂੰ ਆਪਣੇ ਗਹਿਣੇ, ਬੈਲਟ ਅਤੇ ਕੜਾ ਉਤਾਰ ਕੇ ਅੰਦਰ ਜਾਣ ਦੀ ਹਦਾਇਤ ਕੀਤੀ ਗਈ। ਇਸ ਦੌਰਾਨ ਮਨਸਿਮਰਨ ਕੌਰ ਨਾਂ ਦੀ ਵਿਦਿਆਰਥਣ ਨੇ ਕੜਾ ਉਤਾਰਨ ਤੋਂ ਇਨਕਾਰ ਕਰ ਦਿੱਤਾ। ਉਸ ਦੇ ਨਾਲ ਆਏ ਉਸ ਦੇ ਪਿਤਾ ਅਤੇ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਐੱਨਜੀਓ ਲੁਧਿਆਣਾ ਦੇ ਡਾਇਰੈਕਟਰ ਤੇਜਿੰਦਰ ਸਿੰਘ ਨੇ ਇਸ ਦਾ ਸਖ਼ਤ ਵਿਰੋਧ ਕੀਤਾ। ਇਸੇ ਦੌਰਾਨ ਉਥੇ ਆਏ ਹੋਰ ਸਿੱਖ ਬੱਚਿਆਂ ਦੇ ਮਾਪੇ ਵੀ ਉਨ੍ਹਾਂ ਦੇ ਹੱਕ ਵਿੱਚ ਆ ਨਿੱਤਰੇ। ਇਸ ਮਗਰੋਂ ਲੜਕੀ ਨੂੰ ਪ੍ਰੀਖਿਆ ਸੈਂਟਰ ਵਿੱਚ ਦਾਖ਼ਲ ਹੋਣ ਦਿੱਤਾ ਗਿਆ ਪਰ ਪ੍ਰਬੰਧਕਾਂ ਨੇ ਇਸ ਮੌਕੇ ਇਕ ਅਰਜ਼ੀ ਦੇਣ ਲਈ ਕਿਹਾ ਕਿ ਜੇਕਰ ਉਸ ਦੀ ਪ੍ਰੀਖਿਆ ਰੱਦ ਹੁੰਦੀ ਹੈ ਤਾਂ ਉਹ ਖ਼ੁਦ ਜ਼ਿੰਮੇਵਾਰ ਹੋਵੇਗੀ। ਲੜਕੀ ਦੇ ਪਿਤਾ ਤੇਜਿੰਦਰ ਸਿੰਘ ਨੇ ਕਿਹਾ ਕਿ ਇੰਟਰਨੈੱਟ ’ਤੇ ਕੋਈ ਵੀ ਅਜਿਹੀ ਹਦਾਇਤ ਨਹੀਂ ਹੈ। ਉਹ ਇਸ ਦੀ ਸ਼ਿਕਾਇਤ ਐੱਸਜੀਪੀਸੀ ਅਤੇ ਹੋਰ ਸਬੰਧਤ ਸੰਸਥਾਵਾਂ ਨੂੰ ਕਰਨਗੇ।