ਜਗਤਾਰ ਸਿੰਘ ਲਾਂਬਾ
ਅੰਮ੍ਰਿਤਸਰ, 19 ਜੁਲਾਈ
ਇਤਿਹਾਸਕ ਜਲ੍ਹਿਆਂਵਾਲਾ ਬਾਗ ਵਿਚ ਸਾਂਭ-ਸੰਭਾਲ ਦੇ ਚੱਲ ਰਹੇ ਕੰਮ ਦੌਰਾਨ ਇਹ ਯਾਦਗਾਰ ਮੁੜ ਉਸ ਵੇਲੇ ਚਰਚਾ ਵਿਚ ਆ ਗਈ, ਜਦ ਇਸ ਦੀ ਇਕ ਗੈਲਰੀ ਵਿਚ ਅਰਧ ਨਗਨ ਔਰਤਾਂ ਦੀਆਂ ਕੁਝ ਮੂਰਤੀਆਂ/ਤਸਵੀਰਾਂ ਸਥਾਪਿਤ ਕਰਨ ਦਾ ਪਤਾ ਲੱਗਾ। ਇਸ ਸਬੰਧੀ ਇੰਟਰਨੈਸ਼ਨਲ ਸਰਵ ਕੰਬੋਜ ਸਮਾਜ ਵੱਲੋਂ ਪ੍ਰਧਾਨ ਮੰਤਰੀ ਕੋਲ ਪੱਤਰ ਭੇਜ ਕੇ ਸਖ਼ਤ ਇਤਰਾਜ਼ ਦਾ ਪ੍ਰਗਟਾਵਾ ਵੀ ਕੀਤਾ ਗਿਆ ਹੈ। ਦੱਸਣਯੋਗ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਲ੍ਹਿਆਂਵਾਲਾ ਬਾਗ ਨੈਸ਼ਨਲ ਮੈਮੋਰੀਅਲ ਟਰੱਸਟ ਦੇ ਪ੍ਰਧਾਨ ਵੀ ਹਨ। ਉਨ੍ਹਾਂ ਵਲੋਂ ਲਗਭਗ ਵੀਹ ਕਰੋੜ ਰੁਪਏ ਦੀ ਕੇਂਦਰੀ ਯੋਜਨਾ ਨਾਲ ਇੱਥੇ ਸਾਂਭ-ਸੰਭਾਲ ਅਤੇ ਉਸਾਰੀ ਦੇ ਕਾਰਜ ਕਰਾਏ ਜਾ ਰਹੇ ਹਨ। ਇਹ ਕਾਰਜ ਸਾਕਾ ਜਲ੍ਹਿਆਂਵਾਲਾ ਬਾਗ ਦੀ ਸ਼ਤਾਬਦੀ ਨੂੰ ਸਮਰਪਿਤ ਹਨ। ਚੱਲ ਰਹੇ ਕੰਮ ਦੌਰਾਨ ਹੀ ਇੱਥੇ ਬਣਾਈਆਂ ਗੈਲਰੀਆਂ ਵਿਚੋਂ ਇਕ ਗੈਲਰੀ ਵਿਚ ਇਹ ਇਤਰਾਜ਼ਯੋਗ ਮੂਰਤੀਆਂ ਸਥਾਪਿਤ ਕੀਤੀਆਂ ਗਈਆਂ ਹਨ। ਇੰਟਰਨੈਸ਼ਨਲ ਸਰਵ ਕੰਬੋਜ ਸਮਾਜ ਦੇ ਸੂਬਾ ਪ੍ਰਧਾਨ ਹਰਮੀਤ ਕੰਬੋਜ ਨੇ ਪ੍ਰਧਾਨ ਮੰਤਰੀ ਨੂੰ ਭੇਜੇ ਗਏ ਪੱਤਰ ਵਿਚ ਕਿਹਾ ਹੈ ਕਿ ਇਸ ਦੀ ਨਵ ਉਸਾਰੀ ਦੇ ਕੰਮ ਦੌਰਾਨ ਸ਼ਹੀਦਾਂ ਅਤੇ ਗੁਰੂ ਸਾਹਿਬਾਨ ਦੇ ਨਾਲ ਇਤਰਾਜ਼ਯੋਗ ਤਸਵੀਰਾਂ/ ਮੂਰਤੀਆਂ ਲਾਈਆਂ ਗਈਆਂ ਹਨ, ਜਿਨ੍ਹਾਂ ਨੂੰ ਤੁਰੰਤ ਹਟਾਇਆ ਜਾਵੇ। ਉਨ੍ਹਾਂ ਨੇ ਸ਼ਹੀਦ ਊਧਮ ਸਿੰਘ ਦੇ ਬੁੱਤ ਅੱਗੇ ਬਣਾਈ ਜਾ ਰਹੀ ਟਿਕਟ ਖਿੜਕੀ ਦੀ ਇਮਾਰਤ ਨੂੰ ਵੀ ਹਟਾਉਣ ਦੀ ਮੰਗ ਕੀਤੀ ਹੈ। ਇਸ ਪੱਤਰ ਵਿਚ ਉਨ੍ਹਾਂ ਲਿਖਿਆ ਕਿ ਇੱਥੇ ਬਣੀ ਗੈਲਰੀ ਵਿਚ ਗੁਰੂ ਸਾਹਿਬ ਦੀ ਤਸਵੀਰ ਲੱਗੀ ਹੈ ਅਤੇ ਉਸੇ ਥਾਂ ’ਤੇ ਹੀ ਇਤਰਾਜ਼ਯੋਗ ਤਸਵੀਰ ਲਾਈ ਗਈ ਹੈ, ਜੋ ਕਿ ਸ਼ਹੀਦਾਂ ਦਾ ਅਪਮਾਨ ਹੈ। ਉਨ੍ਹਾਂ ਇਸ ਮਾਮਲੇ ਵਿਚ ਟਰੱਸਟ ਦੇ ਮੈਂਬਰ ਅਤੇ ਰਾਜ ਸਭਾ ਦੇ ਮੈਂਬਰ ਸ਼ਵੇਤ ਮਲਿਕ ਨੂੰ ਦੋਸ਼ੀ ਠਹਿਰਾਉਂਦਿਆਂ ਆਖਿਆ ਕਿ ਇਹ ਕੰਮ ਉਨ੍ਹਾਂ ਦੀ ਨਿਗਰਾਨੀ ਹੇਠ ਚੱਲ ਰਿਹਾ ਹੈ। ਇਸ ਲਈ ਉਨ੍ਹਾਂ ਦੀ ਮੈਂਬਰਸ਼ਿਪ ਰੱਦ ਕੀਤੀ ਜਾਵੇ। ਸਭਾ ਆਗੂ ਨੇ ਦਾਅਵਾ ਕੀਤਾ ਕਿ ਇਹ ਮਾਮਲਾ ਉਨ੍ਹਾਂ ਗ੍ਰਹਿ ਮੰਤਰੀ ਅਤੇ ਆਰਐੱਸਐੱਸ ਕੋਲ ਵੀ ਉਠਾਇਆ ਹੈ। ਮਿਲੇ ਵੇਰਵਿਆਂ ਮੁਤਾਬਕ ਇਹ ਮਾਮਲਾ ਚਰਚਾ ਵਿਚ ਆਉਣ ਤੋਂ ਬਾਅਦ ਪ੍ਰਸ਼ਾਸਨ ਵੀ ਸਰਗਰਮ ਹੋ ਗਿਆ ਹੈ। ਕੁਝ ਅਧਿਕਾਰੀਆਂ ਨੇ ਅੱਜ ਚੁੱਪ-ਚਪੀਤੇ ਯਾਦਗਾਰ ਦਾ ਦੌਰਾ ਕੀਤਾ ਹੈ ਤੇ ਇਤਰਾਜ਼ਯੋਗ ਮੂਰਤੀ/ਤਸਵੀਰ ਨੂੰ ਹਟਾਇਆ ਜਾ ਰਿਹਾ ਹੈ। ਫ਼ਿਲਹਾਲ ਇਸ ਮਾਮਲੇ ਵਿਚ ਪ੍ਰਸ਼ਾਸਨ ਨੇ ਚੁੱਪ ਧਾਰੀ ਹੋਈ ਹੈ। ਟਰੱਸਟ ਦੇ ਮੈਂਬਰ ਸ਼ਵੇਤ ਮਲਿਕ ਨਾਲ ਵੀ ਸੰਪਰਕ ਨਹੀਂ ਹੋ ਸਕਿਆ ਹੈ।